ਸੰਘਰਸ਼ ਅਤੇ ਸੇਵਾ ਦੇ ਪੁੰਜ ਸਨ ਮਾਤਾ ਬਲਵੀਰ ਕੌਰ ਭਾਗੀਕੇ

ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਦੇ ਸਤਿਕਾਰਤ ਸ਼ਖਸੀਅਤ ਸਵਰਗੀ ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਦੀ ਸੁਪਤਨੀ ਮਾਤਾ ਬਲਵੀਰ ਕੌਰ ਦਾ ਜਨਮ ਫਿਰਜ਼ੋਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਮਿੱਠੇ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਅਤੇ ਪਿਤਾ ਗੁੱਜਰ ਸਿੰਘ ਦੇ ਘਰ ਹੋਇਆ ।  ਮਾਤਾ ਬਲਵੀਰ ਕੌਰ ਦਾ ਵਿਆਹ 1956 ’ਚ ਠੇਕੇਦਾਰ ਜ਼ੋਰਾ ਸਿੰਘ ਭਾਗੀਕੇ ਨਾਲ ਹੋਇਆ । ਵਿਆਹ ਉਪਰੰਤ ਆਪ ਜੀ ਦੇ ਗ੍ਰਹਿ ਵਿਖੇ ਪੰਜ ਲੜਕੀਆਂ ਅਤੇ ਇਕ ਲੜਕੇ ਨੇ ਜਨਮ ਲਿਆ। ਪੀ ਏ ਡੀ ਬੀ ਦੇ ਮੌਜੂਦਾ ਡਾਇਰੈਕਟਰ ਮਾਤਾ ਬਲਵੀਰ ਕੌਰ ਭਾਗੀਕੇ ਦਾ ਸਮੁੱਚਾ ਪਰਿਵਾਰ ਲੋਕ ਸੇਵਾ ਲਈ ਹਮੇਸ਼ਾ ਤੱਤਪਰ ਰਿਹਾ । ਮਾਤਾ ਜੀ ਦੇ ਪਤੀ ਸਵਰਗੀ ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਨੇ ਵੱਖ ਵੱਖ ਸਮੇਂ ’ਤੇ ਅਕਾਲੀ ਮੋਰਚਿਆਂ ’ਚ ਵੱਧ ਚੜ ਕੇ ਹਿੱਸਾ ਲਿਆ ਤੇ 23 ਵਾਰ ਜੇਲ ਯਾਤਰਾ ਦੌਰਾਨ ਲਗਭਗ 19 ਮਹੀਨੇ ਜੇਲ ਵਿਚ ਰਹੇ। ਪਤੀ ਦੇ ਜੇਲ ਜਾਣ ਸਮੇਂ ਦੌਰਾਨ ਮਾਤਾ ਬਲਵੀਰ ਕੌਰ ਨੇ ਪਰਿਵਾਰ ਨੂੰ ਸੰਭਾਲਣ ਦੇ ਨਾਲ ਨਾਲ ਪਾਰਟੀ ਦੀ ਮਜਬੂਤੀ ਲਈ ਵੀ ਜ਼ਿਮੇਵਾਰੀ ਸ਼ਿੱਦਤ ਨਾਲ ਨਿਭਾਈ । ਆਪ ਜੀ ਦੇ ਪਤੀ ਸਵਰਗੀ ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਨੇ ਪਰਿਵਾਰ ਦੇ ਸਹਿਯੋਗ ਅਤੇ ਲੋਕਾਂ ਦੇ ਮਾਣ ਸਤਿਕਾਰ ਸਦਕਾ ਦੋ ਵਾਰ ਵਿਧਾਇਕ ਬਣ ਕੇ ਇਲਾਕੇ ਦੇ ਲੋਕਾਂ ਦੀ ਪ੍ਰਤੀਨਿਧੱਤਾ ਕੀਤੀ ਅਤੇ ਬੇਦਾਗ ਸੇਵਾਵਾਂ ਲਈ ਲੋਕਾਂ ਦੇ ਹਰਮਨ ਪਿਆਰੇ ਆਗੂ ਬਣੇ। ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਅਤੇ ਮਾਤਾ ਬਲਵੀਰ ਕੌਰ ਦੇ ਆਸ਼ੀਰਵਾਦ ਅਤੇ ਪ੍ਰੇਰਨਾ ਸਦਕਾ ਉਹਨਾਂ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਨਿਹਾਲ ਸਿੰਘ ਵਾਲਾ ਦੀ ਪ੍ਰਤੀਨਿੱਧਤਾ ਕਰਦਿਆਂ ਪਹਿਲੀ ਵਾਰ ਸ਼ੋ੍ਰਮਣੀ ਅਕਾਲੀ ਦਲ ਵੱਲੋਂ 2012 ਵਿਚ ਐੱਮ ਐਲ ਏ ਦੀ ਚੋਣ ਲੜੀ ਅਤੇ ਲੋਕਾਂ ਦੇ ਪਿਆਰ ਅਤੇ ਭਾਗੀਕੇ ਪਰਿਵਾਰ ਦੀ ਹਲਕੇ ਨੂੰ ਦੇਣ ਦੇ ਮੱਦੇਨਜ਼ਰ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ।  ਬੀਬੀ ਭਾਗੀਕੇ ਨੇ 2012 ਤੋਂ 17 ਤੱਕ ਹਲਕੇ ਦੀ ਸੇਵਾ ਕੀਤੀ । ਆਪ ਜੀ ਦੀ ਨੂੰਹ ਬੀਬੀ ਰਾਜਵਿੰਦਰ ਕੌਰ ਭਾਗੀਕੇ ਅੱਜ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਹਨ ਅਤੇ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ । ਸਵਰਗੀ ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਅਤੇ ਸਵਰਗੀ ਮਾਤਾ ਬਲਵੀਰ ਕੌਰ ਦੇ ਪਦਚਿੰਨਾਂ ’ਤੇ ਚੱਲਦਿਆਂ ਉਹਨਾਂ ਦੇ ਸਪੁੱਤਰ ਅਜਮੇਰ ਸਿੰਘ ਭਾਗੀਕੇ ਦੇ ਸਹਿਯੋਗ ਨਾਲ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਰਗਰਮ ਰਾਜਨੀਤਕ ਸ਼ਖਸੀਅਤ ਵਜੋਂ ਉੱਭਰਦਿਆਂ ਦਿ੍ਰੜ ਸੰਕਲਪ ਆਗੂ ਵਜੋਂ ਜਾਣੇ ਜਾਂਦੇ ਹਨ। ਭਾਗੀਕੇ ਪਰਿਵਾਰ ਦੀ ਮਹਾਨ ਸ਼ਖਸੀਅਤ ਅਤੇ ਮੌਜੂਦਾ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਸੱਸ ਮਾਤਾ ਬੀਬੀ ਬਲਵੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ 6 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਮਲੋ ਸ਼ਹੀਦ ਭਾਗੀਕੇ ਵਿਖੇ ਹੋਵੇਗਾ ਜਿੱਥੇ ਪੰਜਾਬ ਭਰ ਤੋਂ ਰਾਜਨੀਤਕ ,ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ । ------------------------ 
   ਪੇਸ਼ਕਸ਼- ੳੂਸ਼ਾ ਕੌਰ ਜਸ਼ਨ (ਸਟਰਿੰਗਰ ਦੂਰਦਰਸ਼ਨ ਜਲੰਧਰ,ਸੰਵਾਦਾਤਾ ਆਲ ਇੰਡੀਆ ਰੇਡੀਓ ਚੰਡੀਗੜ੍ਹ)