‘ਥਾਲੀ ਖੜਕਾਓ’ ਅੰਦੋਲਨ ਦੀ ਸਫਲਤਾ ਲਈ ਅੰਗਹੀਣ ਯੂਨੀਅਨ ਵੱਲੋਂ ਮੀਟਿੰਗ

ਕੋਟਕਪੂਰਾ, 8 ਮਈ (ਟਿੰਕੂ ਪਰਜਾਪਤੀ) :- ਪੰਜਾਬ ਪੱਧਰ ਦੀ ਅੰਗਹੀਣ ਯੂਨੀਅਨ ਅਪੰਗ-ਸੁਅੰਗ ਅਸੂਲ ਮੰਚ ਦੇ ਅਹੁਦੇਦਾਰਾਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਚੋਂਕ (ਜੈਤੋ ਚੁੰਗੀ) ਵਿਖੇ ਸਥਿੱਤ ਮੁਹੱਲੇ ’ਚ ਅੰਗਹੀਣ ਵਿਧਵਾਵਾਂ ਤੇ ਹੋਰ ਜਰੂਰਤਮੰਦਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮਾ. ਬਲਵਿੰਦਰ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਜਗਤਾਰ ਸਿੰਘ, ਲੱਕੀ ਮੌਂਗਾ, ਪਵਨ ਕੁਮਾਰ ਅਤੇ ਕੁਲਦੀਪ ਸੋਨੂੰ ਨੇ ਮੁਹੱਲਾ ਵਾਸੀਆਂ ਨੂੰ ਸਮਝਾਇਆ ਕਿ ਘਰੋਂ ਬਾਹਰ ਨਿਕਲ ਕੇ ਹੀ ਅਸੀਂ ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਹੱਲ ਦਾ ਮੁੱਢ ਬੰਨ ਸਕਦੇ ਹਾਂ। ਉਨਾ ਦੱਸਿਆ ਕਿ ਆਪਣੀਆਂ ਵਾਜਬ ਮੰਗਾਂ ਅਤੇ ਬਣਦੀਆਂ ਸਹੂਲਤਾਂ ਲਈ ਯੂਨੀਅਨ ਵੱਲੋਂ 15 ਅਗਸਤ ਤੋਂ 20 ਅਗਸਤ ਤੱਕ ‘ਥਾਲੀ ਖੜਕਾਓ’ ਅੰਦੋਲਨ ਵਿੱਢਿਆ ਜਾ ਰਿਹਾ ਹੈ, ਜਿਸ ਵਿੱਚ ਸਮੂਹ ਅੰਗਹੀਣ, ਭਾਂਵੇ ਉਹ ਕਿਸੇ ਵੀ ਉਮਰ ਦਾ ਬੱਚਾ, ਬਜੁਰਗ, ਨੌਜਵਾਨ, ਮਰਦ ਜਾਂ ਔਰਤ ਕਿਉਂ ਨਾ ਹੋਵੇ, ਜੋਰ-ਸ਼ੋਰ ਨਾਲ ਸ਼ਮੂਲੀਅਤ ਕਰਨਗੇ। ਉਨਾ ਦੱਸਿਆ ਕਿ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ 2500 ਰੁਪਏ ਪੈਨਸ਼ਨ, ਅੰਗਹੀਣ ਦਾ ਕੋਟਾ ਹਰ ਵਿਭਾਗ ’ਚ 10 ਫੀਸਦੀ ਆਦਿ ਮੰਗਾਂ ਆਪਣੇ ਮੈਨੀਫੈਸਟੋ ’ਚ ਜਾਰੀ ਕਰਨ ਦੇ ਬਾਵਜੂਦ ਮੁਕਰਨ ਕਰਕੇ ਅੰਗਹੀਣਾ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ। ਉਨਾ ਹੈਰਾਨੀ ਪ੍ਰ੍ਰਗਟਾਈ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ’ਚ ਕਿਸਾਨਾ, ਮਜਦੂਰਾਂ, ਐਸ.ਸੀ/ਬੀ.ਸੀ. ਦੇ ਕਰਜੇ ਮਾਫ ਕਰਨ ਦੇ ਵਾਅਦੇ ਪੁਗਾਉਣ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਹਨ ਪਰ ਅੰਗਹੀਣਾਂ, ਵਿਧਵਾਵਾਂ ਅਤੇ ਬੁਢਾਪਾ ਪੈਨਸ਼ਨਾਂ 2500 ਰੁਪਏ ਕਰਨ ਦੇ ਵਾਅਦੇ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅੰਗਹੀਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੀਰਪਾਲ ਕੌਰ, ਰਾਜਵੀਰ ਕੌਰ, ਹਰਵੇਸ਼ ਕੁਮਾਰੀ, ਜਸਵਿੰਦਰ ਕੌਰ, ਮੂਰਤੀ ਰਾਣੀ, ਅੰਗਰੇਜ ਕੌਰ ਆਦਿ ਨੇ ਵੀ ਸੰਬੋਧਨ ਕੀਤਾ।