ਯੁਵਕ ਸੇਵਾਵਾਂ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਕੌਮੀ ਯੁਵਕ ਸਪਤਾਹ 2018

ਫ਼ਿਰੋਜ਼ਪੁਰ ,11 ਜਨਵਰੀ (ਪੰਕਜ ਕੁਮਾਰ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਅਗਵਾਈ ਹੇਠ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਵਾਮੀ ਵਿਵੇਕਾਨੰਦ ਦੇ 155ਵੇਂ ਜਨਮ ਦਿਨ ਨੂੰ ਸਮਰਪਿਤ ਕੌਮੀ ਯੁਵਕ ਸਪਤਾਹ 2018 ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰ. ਗੁਰਕਰਨ ਸਿੰਘ ਰਣੀਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਵੱਲੋਂ ਆਰ.ਐੱਸ.ਡੀ. ਕਾਲਜ ਫ਼ਿਰੋਜ਼ਪੁਰ ਵਿਖੇ ਮਿਤੀ 16 ਜਨਵਰੀ 2018 ਨੂੰ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਯੁਵਕ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਆਧਾਰਿਤ ਸੈਮੀਨਾਰ, ਭਾਸ਼ਣ, ਪ੍ਰਤੀਯੋਗਤਾ ਅਤੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਰੈੱਡ ਰੀਬਨ ਕਲੱਬਾਂ ਤੋਂ ਇਲਾਵਾ ਫ਼ਿਰੋਜ਼ਪੁਰ ਕਾਲਜਾਂ ਦੇ ਵੱਖ-ਵੱਖ ਵਲੰਟੀਅਰ ਹਿੱਸਾ ਲੈਣਗੇ। ਉਨਾਂ ਦੱਸਿਆ ਕਿ ਵੱਖ-ਵੱਖ ਕਾਲਜਾਂ ਦੇ ਨੋਡਲ ਅਫ਼ਸਰਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ, ਵਿਦਵਾਨ ਆਪਣੇ-ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਡਾ. ਰਾਮੇਸ਼ਵਰ ਸਿੰਘ ਵੱਲੋਂ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਵੇਗਾ। ਉਨਾਂ ਦੱਸਿਆ ਕਿ ਰੈੱਡ ਰੀਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਤੋਂ ਇਲਾਵਾ ਸ੍ਰ. ਜਗਦੀਪ ਪਾਲ ਸਿੰਘ ਪਿ੍ਰੰਸੀਪਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਹਿਮਾ ਫ਼ਿਰੋਜ਼ਪੁਰ ਨੂੰ ਉਨਾਂ ਦੀਆਂ ਕੌਮੀ ਸੇਵਾ ਯੋਜਨਾ ਵਿੱਚ ਪਾਏ ਵਡਮੁੱਲੇ ਯੋਗਦਾਨ ਕਰਕੇ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।


