ਨਵਜੋਤ ਸਿੰਘ ਸਿੱਧੂ ਬਰੀ,ਸੁਪਰੀਮ ਕੋਰਟ ਨੇ ਗੈਰ ਇਰਾਦਤਨ ਹੱਤਿਆ ਦੇ ਕੇਸ ‘ਚ ਦਿੱਤਾ ਫੈਸਲਾ, ਮੰਤਰੀ ਪਦ ਰਹੇਗਾ ਬਰਕਰਾਰ

ਦਿੱਲੀ,15 ਮਈ (ਸਾਡਾ ਮੋਗਾ ਡੌਟ ਕੌਮ ਬਿੳੂਰੋ)-ਸਾਬਕਾ ਕਰਿਕਟਰ ਅਤੇ ਸੈਰ ਸਪਾਟਾ ਮੰਤਰੀ ਪੰਜਾਬ ਸ: ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। 1988 ਦੇ ਰੋਡ ਰੇਜ ਕੇਸ ’ਚ ਸਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਗੈਰ ਇਰਾਦਤਨ ਹੱਤਿਆ ਦੇ ਕੇਸ ਵਿਚ ਬਰੀ ਕਰ ਦਿੱਤਾ ਹੈ ਅਤੇ ਕੁੱਟਮਾਰ ਦੇ ਮਾਮਲੇ ਵਿਚ ਮਹਿਜ਼ 6 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ  ਏ। ਇਹ ਫੈਸਲਾ ਅੱਜ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਜੇ ਚੇਲਾਮੇਸ਼ਵਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵੱਲੋਂ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਵਿਚ ਸ: ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜਿਸ ਦੇ ਖਿਲਾਫ਼ ਸ: ਸਿੱਧੂ ਨੇ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਸੀ । ਸਿੱਧੂ ਨੂੰ ਕੁੱਟਮਾਰ ਦੇ ਕੇਸ ’ਚ ਹੋਏ 6 ਹਜ਼ਾਰ ਰੁਪਏ ਜ਼ੁਰਮਾਨੇ ਦਾ ਮਤਲਬ ਉਸ ਦਾ ਮੰਤਰੀ ਪਦ ਬਰਕਰਾਰ ਰਹੇਗਾ। ਸਿੱਧੂ ਖਿਲਾਫ਼ ਚੱਲ ਰਿਹਾ ਮਾਮਲਾ 30 ਸਾਲ ਪੁਰਾਣਾ ਹੈ ਜੋ 1988 ਵਿਚ ਪਟਿਆਲਾ ਵਿਚ ਵਾਪਰੀ ਇਕ ‘ਰੋਡ ਰੇਜ ’ ਘਟਨਾ ਦੌਰਾਨ ਗੁਰਨਾਮ ਸਿੰਘ ਨਾਂਅ ਦੇ ਇਕ ਵਿਅਕਤੀ ਦੀ ਮੌਤ  ਹੋ ਗਈ ਸੀ, ਜਿਸ ’ਤੇ ਅੱਜ ਇਹ ਸੁਣਵਾਈ ਹੋਈ ਹੈ ਅਤੇ ਸਿੱਧੂ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਹੈ।

ਸੁਪਰੀਮ ਕੋਰਟ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਰੀ ਹੋਣ ਨਾਲ ਉਹਨਾਂ ਦੇ ਗ੍ਰਹਿ ਅਮਿ੍ਰਤਸਰ ਵਿਖੇ ਖੁਸ਼ੀ ਦਾ ਮਾਹੌਲ ਹੈ। ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਨਵਜੋਤ ਕੌਰ ਸਿੱਧੂ ਆਪਣੇ ਸਮਰਥੱਕਾਂ ਅਤੇ ਪਰਿਵਾਰ ਵਾਲਿਆਂ ਨਾਲ ਢੋਲ ਦੀ ਥਾਪ ’ਤੇ ਭੰਗੜਾ ਪਾਉਂਦਿਆਂ ਖੁਸ਼ੀ ਸਾਂਝੀ ਕਰ ਰਹੇ ਹਨ।  ਸਿੱਧੂ ਦੇ ਚਾਹੁਣ ਵਾਲਿਆਂ ਨੇ ਲੱਡੂਆਂ ਵੱਡ ਕੇ ਖੁੂਸ਼ੀ ਦਾ ਇਜ਼ਹਾਰ ਕੀਤਾ।