ਮੋਗਾ ਅਤੇ  ਬਾਘਾਪੁਰਾਣਾ ‘ਚ ਕਰਫਿਊ 29 ਅਗਸਤ ਸਵੇਰੇ 6 ਵਜੇ ਤੱਕ,  ਜ਼ਿਲੇ ਦੇ ਸਾਰੇ ਸਕੂਲ, ਕਾਲਜ ਤੇ ਆਂਗਣਵਾੜੀ ਸੈਂਟਰ ਕੱਲ ਖੁੱਲੇ ਰਹਿਣਗੇ

ਮੋਗਾ 28 ਅਗਸਤ,(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ 28 ਅਗਸਤ 2017 ਨੂੰ ਦੁਪਹਿਰ 01.00 ਵਜੇ ਤੋਂ ਲੈ ਕੇ ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੇ ਖੇਤਰ ‘ਚ ਲਗਾਇਆ ਗਿਆ ਕਰਫਿਊ ਕੱਲ (ਮਿਤੀ 29 ਅਗਸਤ 2017) ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਜ਼ਿਲੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲ, ਕਾਲਜ, ਆਂਗਣਵਾੜੀ ਸੈਂਟਰ ਤੇ ਸੇਵਾ ਕੇਂਦਰ ਕੱਲ ਮਿਤੀ 29 ਅਗਸਤ 2017 ਨੂੰ ਖੁੱਲੇ ਰਹਿਣਗੇ। ਜ਼ਿਲਾ ਮੈਜਿਸਟ੍ਰੇਟ ਤੇ ਜ਼ਿਲਾ ਪੁਲਿਸ ਮੁਖੀ ਸ. ਰਾਜ ਜੀਤ ਸਿੰਘ ਨੇ ਜ਼ਿਲੇ ਵਿੱਚ ਅਮਨ ਤੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਜ਼ਿਲੇ ਦੇ ਸਮੂਹ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲੇ ਦੇ ਅਮਨ ਪਸੰਦ ਲੋਕਾਂ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇ ਕੇ ਪੂਰੀ ਤਰਾਂ ਸਦਭਾਵਨਾ ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਿਆ। ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜ਼ਿਲਾ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸਿਜ ਦੇ ਜਵਾਨਾਂ ਨੇ ਵੀ ਦਿਨ ਰਾਤ ਪੂਰੀ ਮੁਸਤੈਦੀ ਨਾਲ ਡਿਊਟੀ ਦਿੱਤੀ ਅਤੇ ਆਮ ਨਾਗਰਿਕਾਂ ਦਾ ਵੀ ਸੁਰੱਖਿਆ ਬਲਾਂ ਨੂੰ ਭਰਵਾਂ ਸਹਿਯੋਗ ਮਿਲਿਆ।