ਸਹਿਕਾਰੀ ਖੰਡ ਮਿੱਲਾਂ ਨੂੰ ਮੁੜ੍ਹ ਸੁਰਜੀਤ ਕਰਨ ਲਈ ਯੋਜਨਾਂ ਤਿਆਰੀ ਅਧੀਨ,ਕੈਬਨਿਟ ਸਬ-ਕਮੇਟੀ ਕਰੇਗੀ ਅੰਤਿਮ ਫੈਸਲਾ

ਚੰਡੀਗੜ੍ਹ 8 ਫਰਵਰੀ: (ਜਸ਼ਨ)ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰਤਾ ਵਿਭਾਗ ਵੱਲੋਂ ਪੰਜਾਬ ਦੀਆਂ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਲਈ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ ਜਿਸ ਵਿਚ ਖੰਡ ਉਦਯੋਗ ਨਾਲ ਸਬੰਧਤ ਉਘੇ ਮਾਹਿਰਾਂ ਦੀ ਗਠਿਤ ਕਮੇਟੀ ਤੋਂ ਵੀ ਠੋਸ ਸੁਝਾਅ ਹਾਸਲ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਡੀ.ਪੀ.ਰੈਡੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਰਾਜ ਦੀਆਂ  ਸਹਿਕਾਰੀ ਖੰਡ ਮਿੱਲਾਂ ਦੀ ਮੁੜ੍ਹ ਸੁਰਜੀਤੀ ਅਤੇ ਆਧੁਨੀਕੀਕਰਨ ਸਬੰਧੀ ਸੁਝਾਅ ਦੇਣ ਲਈ ਗਠਿਤ ਮਾਹਿਰਾਂ ਦੀ ਕਮੇਟੀ ਦੀ ਅੱਜ ਯੂ.ਟੀ. ਗੈਸਟ ਹਾਊਸ, ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਖੰਡ ਉਦਯੋਗ ਨਾਲ ਸਬੰਧਤ ਦੇਸ਼ ਪੱਧਰੀ ਮਾਹਿਰਾਂ ਤੋਂ ਇਲਾਵਾ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ, ਪ੍ਰਬੰਧ ਨਿਰਦੇਸ਼ਕ, ਸ਼ੂਗਰਫੈਡ, ਪੰਜਾਬ, ਪ੍ਰਬੰਧ ਨਿਰਦੇਸ਼ਕ, ਪਨਕੋਫੈਡ ਪੰਜਾਬ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਗਿਆ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਖੰਡ ਉਦਯੋਗ ਨਾਲ ਸਬੰਧਤ ਉੱਚ ਪੱਧਰੀ ਮਾਹਿਰਾਂ ਦੀ ਮੀਟਿੰਗ ਪਿਛਲੇ ਮਹੀਨੇ ਹੋ ਚੁੱਕੀ ਹੈ ਜਿਸ ਵਿੱਚ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਦਰਪੇਸ਼ ਮੁਸਕਿਲਾ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਸੀ। ਸ੍ਰੀ ਰੈਡੀ ਨੇ ਦੱਸਿਆ ਕਿ ਅੱਜ ਹੋਈ ਮੀਟਿੰਗ ਵਿੱਚ ਦੇਸ਼ ਵਿੱਚ ਖੰਡ ਸੱਨਅਤ  ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਵਿੱਤੀ ਪੱਖੋਂ ਸਵੈਨਿਰਭਰ ਬਨਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵੱਖ-ਵੱਖ ਮਾਹਿਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਸ੍ਰੀ ਰੈਡੀ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰਾਜ ਵਿਚਲੀਆਂ ਘਾਟੇ ਵਿੱਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਕਰਨ ਲਈ ਇਨ੍ਹਾਂ ਦੇ ਅਧੁਨਿਕੀਕਰਨ, ਡਿਸਟਿਲਰੀ ਸਥਾਪਿਤ ਕਰਕੇ ਇਥਾਨੋਲ ਦਾ ਉਤਪਾਦਨ ਅਤੇ ਕੋ-ਜਨਰੇਸ਼ਨ ਪਲਾਂਟ ਲਗਾਉਣ ਆਦਿ ਸਬੰਧੀ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਮਾਹਿਰਾਂ ਵੱਲੋਂ ਪੰਜਾਬ ਵਿੱਚ ਗੰਨੇ ਦੀ ਖੇਤੀ ਸਬੰਧੀ ਸੁਝਾਅ ਦਿੱਤੇ ਗਏ ਜਿਨ੍ਹਾਂ ਵਿੱਚ ਗੰਨੇ ਦੀਆਂ ਵੱਧ ਝਾੜ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ  ਉਪਲੱਬਧ ਕਰਵਾਉਣ, ਗੰਨਾ ਕਾਸ਼ਤਕਾਰਾਂ ਨੂੰ ਵਧੀਆ ਕਿਸਮ ਦਾ ਬੀਜ਼ ਉਪਲੱਬਧ ਕਰਵਾਉਣ, ਗੰਨੇ ਦੀ ਕਟਾਈ ਅਤੇ ਮਜਦੂਰਾਂ ਸਬੰਧੀ ਦਰਪੇਸ਼ ਮੁਸਕਲਾਂ ਸ਼ਾਮਲ ਹਨ। ਇਸ ਸਬੰਧੀ ਤਕਨੀਕੀ ਸੁਧਾਰਾਂ ਅਤੇ ਚੀਨੀ, ਇਥਾਨੋਲ ਆਦਿ ਦੇ ਉਤਪਾਦਨ ਸਬੰਧੀ ਵਿਚਾਰ ਚਰਚਾ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਗਠਿਤ ਕਮੇਟੀ ਵੱਲੋ ਰਿਪੋਰਟ ਸਰਕਾਰ ਨੂੰ ਜਲਦੀ ਹੀ ਪੇਸ਼ ਕੀਤੀ ਜਾਵੇਗੀ, ਜਿਸ ਨੂੰ ਕੈਬਨਿਟ ਸਬ ਕਮੇਟੀ ਅੱਗੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ