ਹਥਿਆਰਾਂ ਦੀ ਨੁਮਾਇਸ਼ ਵਾਲੇ ਪੋਸਟਰ ਅਤੇ ਗੀਤਾਂ ’ਤੇ ਪਾਬੰਦੀ ਲਾਉਣ ਦੀ ਮੰਗ ਉੱਭਰੀ

ਲੋਪੋਂ,3 ਜਨਵਰੀ (ਚਮਕੌਰ ਸਿੰਘ ਧਾਲੀਵਾਲ)- ਜਿਥੇ ਪੰਜਾਬ ਅੰਦਰ ਅਨੇਕਾਂ ਹੀ ਮਾਸੂਮ ਹਥਿਆਰਾਂ ਦੀ ਭੇਂਟ ਚੜ ਚੁੱਕੇ ਨੇ ਉਥੇ ਹਥਿਆਰਾਂ ਸਬੰਧੀ ਗੀਤ ਅਤੇ ਪੋਸਟਰ ਰੁਕਣ ਦਾ ਨਾਮ ਨਹੀ ਲੈ ਰਹੇ ਜਿਸ ਦੀ ਤਾਜਾ ਮਸਾਲ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਗਾਇਕਾ ਪ੍ਰੀਤ ਸਮਰਾ ਦੇ ਨਵੇਂ ਗੀਤ ਪਿਸਤੌਲ ਦਾ ਪੋਸਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਬੁੱਧੀਜੀਵੀ ਵਰਗ ਇਸ ਪੋਸਟਰ ਅਤੇ ਗੀਤ ’ਤੇ ਰੋਕ ਦੀ ਮੰਗ ਕਰ ਰਿਹਾ ਹੈ । ਵਿਵਾਦਾਂ ਵਿੱਚ ਘਿਰਿਆ ਇਹ ਪੋਸਟਰ ਯਾਰੀ ਮੀਡੀਆ ਰਿਕਾਰਡ ਕੰਪਨੀ ਨੇ ਰਿਲਿਜ਼ ਕੀਤਾ ਹੈ ਜਿਸ ਵਿੱਚ ਗਾਇਕਾ ਦੇ ਹੱਥ ਵਿੱਚ ਇਕ ਪਿਸਤੌਲ ਫੜਿਆ ਹੋਇਆ ਹੈ । ਬੁੱਧੀਜੀਵੀ ਵਰਗ ਦਾ ਇਹ ਵੀ ਮੰਨਣਾ ਹੈ ਕਿ ਇਹਨਾ ਪੋਸਟਰਾਂ ਦਾ ਅਤੇ ਗੈਰ-ਮਿਆਰੀ ਗੀਤਾਂ ਦਾ ਸਾਡੇ ਅਮੀਰ ਪੰਜਾਬੀ ਸਭਿਆਚਾਰ ’ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਅਜਿਹੇ ਗੀਤਾਂ ਅਤੇ ਪੋਸਟਰਾਂ ’ਤੇ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ।
ਇਸ ਸਬੰਧੀ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਲਿਖਾਰੀ, ਤਰਸੇਮ ਸਿੰਘ ਗਿੱਲ, ਰਵੀ ਅਤੇ ਜਗਸੀਰ ਸਿੰਘ ਕਿੱਕਰ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਜਿਨਾਂ ਨੇ ਹਰ ਖ਼ੇਤਰ ਵਿਚ ਮੱਲਾਂ ਮਾਰੀਆਂ ਹਨ ਨੂੰ ਆਸ਼ਕੀ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਕੀਮਤ ’ਤੇ ਸਹਿਣ ਨਹੀ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਜਿੱਥੇ ਸਮਰਾ ਦੇ ਗੀਤ ‘ਪਿਸਤੌਲ’ ਵਿਚ ਇਕ ਲੜਕੀ ਆਪਣੇ ਮਾਤਾ ਪਿਤਾ ਨੂੰ ਇਕ ਪਿਸਤੌਲ ਵਰਗਾ ਯਾਰ ਰੱਖਣ ਦੀ ਗੱਲ ਕਰ ਰਹੀ ਹੈ ਜੋ ਪੰਜਾਬ ਦੀ ਧੀ ਆਪਣੇ ਵੱਡਿਆਂ ਦੇ ਸਤਿਕਾਰ ਲਈ ਸਿਰ ਤੋਂ ਚੁੰਨੀ ਤੱਕ ਨੀ ਲਾੳਂੁਦੀ ਉਸ ਪ੍ਰਤੀ ਅਜਿਹਾ ਲਿਖਣਾ ਜਾ ਗਾਉਣਾ ਘਟੀਆ ਸੋਚ ਦੀ ਨਿਸ਼ਾਨੀ ਹੈ । ਉਨਾਂ ਪ੍ਰਸ਼ਾਸਨ ਤੋਂ ਇਸ ਚੱਲ ਰਹੇ ਹਥਿਆਰਾਂ ਵਾਲੇ ਪੋਸਟਰ ਅਤੇ ਗੈਰ-ਮਿਆਰੀ ਗੀਤ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਜਦੋਂ ਇਸ ਪੋਸਟਰ ਅਤੇ ਗੀਤ ਸਬੰਧੀ ਗਾਇਕਾ ਪ੍ਰੀਤ ਸਮਰਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਨਾਂ ਕਿਹਾ ਕਿ ਮੇਰੇ ਇਸ ਗੀਤ ’ਤੇ ਗੀਤਕਾਰ ਨੇ ਪੈਸੇ ਲਾਏ ਹਨ ਅਤੇ ਮੈਂ ਪੋਸਟਰ ਵੀ ਸ਼ੇਅਰ ਕਰਾਂਗੀ ਅਤੇ ਗੀਤ ਦੀ ਐਡ ਵੀ ਕੋਈ ਨੀ ਰੋਕ ਸਕਦਾ ਜੇ ਕਿਸੇ ਨੂੰ ਸਮੱਸਿਆ ਤਾਂ ਉਹ ਮੇਰੇ ਨਾਲ ਸਿੱਧੀ ਗੱਲ ਕਰ ਸਕਦਾ ਹੈ। ਜਦੋਂ ਇਸ ਹਥਿਆਰਾ ਵਾਲੇ ਪੋਸਟਰ ਅਤੇ ਗੀਤ ਸਬੰਧੀ ਯਾਰੀਆਂ ਮੀਡੀਆ ਰਿਕਾਰਡ ਕੰਪਨੀ ਦੇ ਮਾਲਕ ਉੱਘੇ ਕਾਲਮ ਨਵੀਸ ਗੁਰਮੀਤ ਸਿੰਘ ਬਾਂਮ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਪੋਸਟਰ ਅਤੇ ਗੀਤ ਸਬੰਧੀ ਉਨਾਂ ਨੂੰ ਪਹਿਲਾ ਜਾਣਕਾਰੀ ਨਹੀਂ ਸੀ ਪਰ ਹੁਣ ਉਹਨਾਂ ਇਸ ਪੋਸਟਰ ਅਤੇ ਗੀਤ ਨੂੰ ਸਾਈਟ ਤੋਂ ਡਿਲੀਟ ਕਰ ਦਿੱਤਾ ਜਾਵੇਗਾ । ਉਨਾਂ ਕਿਹਾ ਕਿ ਉਹ ਇਕ ਖੁਦ ਲੇਖਕ ਹਨ ਅਤੇ ਉਹ ਆਪ ਵੀ ਅਜਿਹੇ ਪੋਸਟਰ ਅਤੇ ਗੀਤਾਂ ਦੇ ਹਾਮੀ ਨਹੀਂ ਜਿਸ ਦਾ ਸਾਡੇ ਸਮਾਜ ਅਤੇ ਨੌਜਵਾਨੀ ’ਤੇ ਬੁਰਾ ਅਸਰ ਪਵੇ । ਉਨਾਂ ਕਿਹਾ ਕਿ ਅਸੀਂ ਖੁਦ ਅਜਿਹੇ ਪੋਸਟਰਾਂ ਅਤੇ ਗੀਤਾਂ ਦੇ ਖਿਲਾਫ ਹਾਂ। ਜਦੋਂ ਇਸ ਸਬੰਧੀ ਪਿਸਤੌਲ ਗੀਤ ਦੇ ਰਚੇਤਾ ਕਾਲਾ ਤੁੰਗ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨਾਂ ਪੱਤਰਕਾਰ ਸੁਣਦਿਆਂ ਹੀ ਕਿਹਾ ਕਿ ਅੱਜ ਮੈਂ ਬਹੁਤ ਜਿਆਦਾ ਮਸਰੂਫ਼ ਆਂ ।


