200 ਏਕੜ ਕਣਕ ਸੜ ਕੇ ਸੁਆਹ ,ਧਰਮਕੋਟ ਨੇੜੇ ਬਿਜਲੀ ਦੇ ਸਪਾਰਕ ਨਾਲ ਲੱਗੀ ਅੱਗ

ਮੋਗਾ, 20 ਅਪਰੈਲ (KHETPAL SINGH/ ਜਸ਼ਨ)- ਆਰਥਿਕ ਤੰਗੀਆਂ ਤੁਰਸ਼ੀਆਂ ਦੀ ਭੰਨੀ ਕਿਰਸਾਨੀ ਨੂੰ ਆਏ ਦਿਨ ਕੋਈ ਨਾ ਕੋਈ ਮਾਰ ਐਸੀ ਪੈਦੀ ਹੈ ਜੋ ਮੰਦਹਾਲੀ ਦੇ ਦੌਰ ’ਚੋਂ ਨਿਕਲਣ ਦੀ ਕੋਸ਼ਿਸ ਕਰ ਰਹੇ ਕਿਸਾਨਾਂ ਲਈ ਘਾਤਕ ਸਿੱਧ ਹੰੁਦੀ ਹੈ । ਅਜਿਹੀ ਹੀ ਘਟਨਾ ਅੱਜ ਮੋਗਾ ਦੀ ਤਹਿਸੀਲ ਧਰਮਕੋਟ ਦੇ ਲਾਗਲੇ ਪਿੰਡਾਂ ਵਿਚ ਵਾਪਰੀ ਜਦੋਂ ਅੱਗ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਸੁਨਹਿਰੀ ਕਣਕ ਦੀ ਫਸਲ ਨੂੰ ਕਲਾਵੇ ਵਿਚ ਲੈ ਲਿਆ ਅਤੇ ਦੇਖਦਿਆਂ ਹੀ ਦੇਖਦਿਆਂ 200 ਏਕੜ ਦੇ ਕਰੀਬ ਕਣਕ ਰਾਖ ਵਿਚ ਬਦਲ ਗਈ । ਇਸ ਘਟਨਾ ਵਿਚ ਪਿੰਡ ਕੜਿਆਲ ,ਜਲਾਲਾਬਾਦ ਪੂਰਬੀ ਅਤੇ ਧਰਮਕੋਟ ਨਾਲ ਸਬੰਧਤ ਕਿਸਾਨ ਪ੍ਰਭਾਵਿਤ ਹੋਏ । ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਜਿਥੇ ਕਿਸਾਨਾਂ ਨੇ ਆਪਣੇ ਤੌਰ ’ਤੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਉੱਥੇ ਮੋਗਾ ਤੋਂ ਫਾਇਰ ਗੱਡੀਆਂ ਬੁਲਾਈਆਂ ਗਈਆਂ । ਇਸ ਮੌਕੇ ਪ੍ਰਸ਼ਾਸਨ ਵੱਲੋਂ ਅੱਗ ਬੁਟਾਉਣ ਦੇ ਆਪਰੇਸ਼ਨ ਦੀ ਨਿਗੇਵਾਨੀ ਕਰਨ ਲਈ ਐੱਸ ਡੀ ਐੱਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ ਖੁਦ ਸਾਰਾ ਸਮਾਂ ਹਾਜ਼ਰ ਰਹੇ । ਇਸ ਤੋਂ ਇਲਾਵਾ ਡੀ ਐੱਸ ਪੀ ਅਜੇਰਾਜ ਸਿੰਘ , ਐੱਸ ਐੱਚ ਓ ਜਤਿੰਦਰ ਸਿੰਘ, ,ਸੋਹਣਾ ਖੇਲਾ ਪੀ ਏ ਟੂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੀ ਘਟਨਾ ਸਥਲ ’ਤੇ ਪਹੰੁਚੇ ਅਤੇ ਅੱਗ ਬੁਝਾਉਣ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਘਟਨਾ 220 ਕੇ.ਵੀ. ਤੋਂ 99 ਨੰਬਰ ਪੋਲ ’ਤੇ ਬਿਜਲੀ ਦੇ ਸਪਾਰਕ ਕਾਰਨ ਵਾਪਰੀ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਬਿਜਲੀ ਵਿਭਾਗ ਨੂੰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ ਪਰ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ।