ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਮੈਂਬਰੀ ਖ਼ਤਮ ਕਰਨ ਖ਼ਿਲਾਫ਼, ਪੰਜਾਬੀਆਂ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ: ਦਿਲਬਾਗ ਸਿੰਘ ਹੈਪੀ ਭੁੱਲਰ

ਧਰਮਕੋਟ , 18 ਅਪ੍ਰੈਲ (ਜਗਰਾਜ ਸਿੰਘ ਸੰਘਾ )- ਧਰਮਕੋਟ ਹਲਕੇ 'ਚ ਪੈਂਦੇ ਫਤਹਿਗੜ੍ਹ ਬਲਾਕ ਦੇ ਯੂਥ ਅਕਾਲੀ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਭਾਖੜਾ ਬਿਆਸ ਮੈਨੇਜਿੰਗ ਬੋਰਡ ’ਚੋਂ ਪੰਜਾਬ ਦੀ ਮੈਂਬਰੀ ਪੱਕੇ ਤੌਰ ਤੇ ਖਤਮ ਕਰਨ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਖਿਆ ਕਿ ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ, ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਨਾਲ ਫਰੇਬ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਵਿਚ ਬਣਿਆ ਭਾਖੜ ਡੈਮ ਜੋ ਇੰਦਰਾ ਗਾਂਧੀ ਨੇ 1966 ਵਿਚ ਪੰਜਾਬ ਤੋਂ ਖੋਹ ਕੇ ਕੇਂਦਰ ਦੇ ਅਧਿਕਾਰ ਖੇਤਰ ਵਿਚ ਲੈ ਲਿਆ ਸੀ ਪਰ ਅੱਜ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਪੱਕੀ ਮੈਂਬਰੀ ਵੀ ਖ਼ਤਮ ਕਰ ਦਿੱਤੀ ਹੈ ਤੇ ਸਿਤਮਜ਼ਰੀਫੀ ਇਹ ਹੈ ਕਿ ਹਿਮਾਚਲ ਅਤੇ ਰਾਜਸਥਾਨ ਨੂੰ ਮੈਂਬਰ ਰੱਖ ਲਿਆ। ਹੈਰਾਨੀ ਹੁੰਦੀ ਹੈ ਕਿ ਦੇਸ਼ ਆਜ਼ਾਦ ਕਰਾਉਣ ਵਾਲੇ ਬਹਾਦਰ ਲੋਕਾਂ ਨਾਲ ਕੇਂਦਰ ਦੀਆਂ ਸਰਕਾਰਾਂ ਹਰ ਪੱਖ ਤੋਂ ਧੱਕਾ ਕਰ ਰਹੀਆਂ ਹਨ।ਚੰਡੀਗੜ੍ਹ ਪੰਜਾਬ ਦਾ ਪਰ ਅੱਜ ਪੰਜਾਬ ਕੋਲੇ ਰਾਜਧਾਨੀ ਵੀ ਨਹੀਂ ਹੈ। ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਪਾਣੀ ਹੋਰ ਤਾਂ ਹੋਰ ਭਾਰਤ ਸਰਕਾਰ ,ਪਾਕਿਸਤਾਨ ਨਾਲ ਵਪਾਰ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਤਾਂ ਕਰ ਰਹੀ ਹੈ, ਪਰ ਪੰਜਾਬ ਦਾ ਰਸਤਾ ਬੰਦ ਕਰ ਛੱਡਿਆ ਹੈ, ਇਸ ਨਾਲ ਪੰਜਾਬ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਨੂੰ ਸਮਝਿਆ ਜਾਵੇ । ਇਹ ਸਾਰੇ ਲੋਕ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਦਾ ਭਾਰੀ ਨੁਕਸਾਨ ਕਰ ਰਹੇ ਹਨ। ਓਹਨਾ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਨੂੰ ਪਾਸੇ ਕਰ ਕੇ, ਪੰਜਾਬ ’ਚ ਚੰਗੀ ਪੰਥਕ ਸਰਕਾਰ ਬਣਾਉਣ ਲਈ, ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਹਿਤ ਸੁਰੱਖਿਅਤ ਹੋ ਸਕਣ ।


