ਬਾਬਾ ਰੁੱਖੜ ਦਾਸ ਦੀ ਜਗ੍ਹਾਂ ‘ਤੇ ਬੰਨ੍ਹ ਕੇ ਕੀਤੀ ਮੇਰੇ ਮੁੰਡੇ ਦੀ ਕੁੱਟ ਮਾਰ ਅਤੇ ਮੁੰਡੇ ਦਾ ਨਹੀਂ ਲੱਗ ਰਿਹਾ ਕੋਈ ਪਤਾ-ਨਛੱਤਰ ਸਿੰਘ

ਸਮਾਲਸਰ,9 ਅਗਸਤ (ਜਸਵੰਤ ਗਿੱਲ)- ਨਜ਼ਦੀਕੀ ਪਿੰਡ ਸੇਖਾ ਕਲਾ ਦੇ ਗਰੀਬ ਮਜ਼ਦੂਰ ਪਰਿਵਾਰ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਖਿਲਾਫ ਥਾਣਾ ਸਮਾਲਸਰ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਬੀਤੇ ਦਿਨੀ ਉਨ੍ਹਾਂ ਦੇ ਲੜਕੇ ਨੂੰ ਗੁਰਦਾਣੇ ਵਾਲੀ ਜਗ੍ਹਾਂ ‘ਤੇ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੀ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ। ਉਸ ਦਿਨ ਤੋਂ ਹੀ ਉਨ੍ਹਾਂ ਦਾ ਮੁੰਡਾ ਲਾਪਤਾ ਹੈ। ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਨਛੱਤਰ ਸਿੰਘ ਅਤੇ ਅੰਗਰੇਜ ਕੌਰ ਨੇ ਦੱਸਿਆ ਕਿ ਉਨ੍ਹਾ ਦਾ ਲੜਕਾ ਗੁਰਜੰਟ ਸਿੰਘ (28) ਸਾਲ ਸ਼ਾਦੀ ਸੁੱਦਾ ਹੈ ਅਤੇ ਉਸ ਦੇ ਦੋ ਲੜਕੀਆ ਵੀ ਹਨ ਅਤੇ ਦਿਹਾੜੀ ਆਦਿ ਕਰਕੇ ਘਰ ਦਾ ਗੁਜਾਰਾ ਚਲਾ ਰਿਹਾ ਸੀ।ਉਹ ਸ਼ਰਾਬ ਆਦਿ ਪੀਣ ਦਾ ਆਦੀ ਸੀ ਤੇ ਜੋ ਸ਼ਰਾਬ ਪੀਣ ਲਈ ਸੇਖਾ ਠੱਠੀ ਭਾਈ ਲਿੰਕ ਰੋਡ ‘ਤੇ ਬਣੀ ਗੁਰਦਾਣੇ ਰੁੱਖੜ ਦਾਸ ਦੀ ਜਗ੍ਹਾਂ ਤੇ ਆਮ ਹੀ ਚਲਾ ਜਾਂਦਾ ਸੀ।ਬੀਤੀ 7 ਅਗਸਤ ਦੀ ਸ਼ਾਮ ਨੂੰ ਵੀ ਉਹ ਰੁੱਖੜ ਦਾਸ ਦੀ ਜਗ੍ਹਾ ‘ਤੇ ਸ਼ਰਾਬ ਪੀਣ ਲਈ ਆਪਣੇ ਮੋਟਰਸਾਇਕਲ ਪਲਟੀਨਾ ਤੇ ਗਿਆ ਪਰ ਦੇਰ ਰਾਤ ਤੱਕ ਘਰ ਮੁੜ ਕੇ ਨਹੀਂ ਆਇਆ।ਉਨ੍ਹਾ ਕਿਹਾ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਦੱਸਿਆ ਕਿ ਤੁਹਾਡੇ ਲੜਕੇ ਦੀ ਬੰਨ੍ਹੇ ਹੋਏ ਦੀ ਫੋਟੋ ਸ਼ੋਸ਼ਲ ਮੀਡੀਆ ‘ਤੇ ਆਈ ਹੈ।ਫੋਟੋ ਅਤੇ ਵੀਡਿਓ ਵੇਖਣ ਤੋਂ ਬਾਅਦ ਅਸੀ ਪਿੰਡ ਦੀ ਸਰਪੰਚ ਛਿੰਦਰ ਕੌਰ ਨੂੰ ਇਤਲਾਹ ਦੇ ਦਿੱਤੀ।ਜਦ ਅਸੀਂ ਗਰਦਾਣਾ ਵਿਖੇ ਜਾ ਕੇ ਦੇਖਿਆ ਤਾਂ ਉੱਥੇ ਮੇਰਾ ਲੜਕਾ ਨਹੀਂ ਸੀ ਤੇ ਉਕਤ ਕੁੱਟਮਾਰ ਕਰਨ ਵਾਲੇ ਵਿਅਕਤੀ ਵੀ ਭੱਜ ਗਏ ਸਨ।ਉੱਥੇ ਮੌਜੂਦ ਲੋਕਾਂ ਤੋਂ ਪਤਾ ਲੱਗਾ ਕਿ ਮੇਰੇ ਲੜਕੇ ਦਾ ਮੋਟਰਸਾਇਕਲ ਵੀ ਇਨ੍ਹਾਂ ਨੇ ਖੋਅ ਲਿਆ ਸੀ ਪਰ ਲੜਕੇ ਦਾ ਕੁਝ ਪਤਾ ਨਾ ਚੱਲਿਆ।ਨਛੱਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਮੇਰੇ ਲੜਕੇ ਗੁਰਜੰਟ ਸਿੰਘ ਦਾ ਉਕਤ ਵਿਅਕਤੀਆਂ ਨੇ ਕੋਈ ਜਾਨੀ ਨੁਕਸਾਨ ਨਾ ਕਰ ਦਿੱਤਾ ਹੋਵੇ।ਨਛੱਤਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਮਾਲਸਰ ਵਿਖੇ ਪਿੰਡ ਦੇ ਗੁਰਵਿੰਦਰ ਸਿੰਘ,ਸਾਧੂ ਸਿੰਘ,ਗੁਰਚਰਨ ਸਿੰਘ,ਦਰਸ਼ਨ ਸਿੰਘ,ਸੰਧੂ ਗਰਦਾਣੇ ਵਾਲੇ ਕੌਮ ਜੱਟ ਸਿੱਖ ਵਾਸੀ ਸੇਖਾ ਕਲਾਂ ਅਤੇ ਮਲਕੀਤ ਸਿੰਘ ਕੌਮ ਮਜ੍ਹਬੀ ਸਿੱਖ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਹੈ ਕਿਉਂਕਿ ਉਕਤ ਵਿਅਕਤੀਆ ਨੇ ਹੀ ਮੇਰੇ ਲੜਕੇ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਹੈ।ਕੁੱਟਮਾਰ ਦਾ ਸ਼ਿਕਾਰ ਹੋਏ ਲਾਪਤਾ ਗੁਰਜੰਟ ਸਿੰਘ ਦੀ ਮਾਂ ਅੰਗਰੇਜ ਕੌਰ ਨੇ ਥਾਣਾ ਸਮਾਲਸਰ ਪੁਲਿਸ ‘ਤੇ ਦੋਸ਼ ਲਾਏ ਹਨ ਕਿ ਪੁੁਲਿਸ ਕੁੱਟਮਾਰ ਕਰਨ ਵਾਲੇ ਵਿਅਕਤੀਆ ਦੀ ਮਦਦ ਕਰ ਰਹੀ ਹੈ ਕਿਉਂਕਿ ਉਕਤ ਵਿਅਕਤੀ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ।ਜਿਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ।ਉਨ੍ਹਾਂ ਨੇ ਉੱਚ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਜਾਂਚ ਪੜਤਾਲ ਕਰਕੇ ਮੇਰੇ ਲੜਕੇ ਨੂੰ ਲੱਭਿਆ ਜਾਵੇ ਤੇ ਦੋਸ਼ੀਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦਲਿਤਾ ਤੇ ਹੋ ਰਹੇ ਅਤਿਆਚਾਰ ਨੂੰ ਠੱਲ ਪੈ ਸਕੇ।ਰੁੱਖੜ ਦਾਸ ਜਗ੍ਹਾਂ ਦੇ ਮੀਤ ਪ੍ਰਧਾਨ ਚਮਕੌਰ ਸਿੰਘ ਨੰਬਰਦਾਰ ਨਾਲ ਜਦ ਇਸ ਸਬੰਧੀ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਗੱਲ ਦਾ ਪਤਾ ਹੈ।ਇਸ ਸਬੰਧੀ ਜਦ ਥਾਣਾ ਸਮਾਲਸਰ ਦੇ ਮੁਖੀ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਨੁਕਾਰਦਿਆਂ ਕਿਹਾ ਕਿ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਗੁਰਜੰਟ ਸਿੰਘ ਨੂੰ ਗਰਦਾਣੇ ਤੋਂ ਛੁਡਾ ਕੇ ਪੁਲਿਸ ਮੁਲਾਜ਼ਮ ਉਸ ਦੇ ਘਰ ਛੱਡ ਆਏ ਸਨ।ਉਕਤ ਨੌਜਵਾਨ ਦੀ ਸ਼ਰਾਬ ਪੀਤੀ ਹੋਈ ਸੀ ।


