ਸਿਵਲ ਹਸਪਤਾਲ ਮੋਗਾ ਵਿਖੇ ਵਿਧਾਇਕ ਮੋਗਾ ਹਰਜੋਤ ਕਮਲ ਨੇ ਕੀਤਾ ਸੀਬੀਨਾਟ ਮਸ਼ੀਨ ਦਾ ਉਦਘਾਟਨ

ਮੋਗਾ 9 ਜਨਵਰੀ:(ਜਸ਼ਨ)-ਸਿਹਤ ਵਿਭਾਗ ਮੋਗਾ ਦੁਆਰਾ ਟੀ.ਬੀ ਦੇ ਮਰੀਜ਼ਾਂ ਦੀਆਂ ਜਾਂਚ ਸਹੂਲਤਾਂ ਵਿੱਚ ਹੋਰ ਵਾਧਾ ਕਰਨ ਲਈ ਅੱਜ ਟੀ.ਬੀ. ਸੈਂਟਰ ਸਿਵਲ ਹਸਪਤਾਲ ਮੋਗਾ ਵਿਖੇ ਸੀਬੀਨਾਟ ਮਸ਼ੀਨ ਦਾ ਉਦਾਘਾਟਨ ਡਾ: ਹਰਜੋਤ ਕਮਲ ਐਮ.ਐਲ.ਏ ਮੋਗਾ ਨੇ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦਾ ਇਹ ਵਿਸ਼ੇਸ ਉਪਰਾਲਾ ਟੀ.ਬੀ ਦੇ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ ਨਵੀਂ ਤਕਨੀਕ ਰਾਹੀਂ ਟੀ.ਬੀ ਦੇ ਮਰੀਜ਼ ਦੀ ਜਾਂਚ ਹੋਰ ਯਕੀਨੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ: ਹਰਜੋਤ ਕਮਲ ਦੇ ਨਾਲ ਉਦਘਾਟਨੀ ਸਮਾਰੋਹ ‘ਤੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਸੀਬੀਨਾਟ ਮਸ਼ੀਨ ਬਾਰੇ ਵਿਸਥਾਰ-ਪੂਰਵਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਇਸ ਮਸ਼ੀਨ ਦੇ ਲੱਗਣ ਨਾਲ ਟੀ.ਬੀ ਦੇ ਮਰੀਜ਼ਾਂ ਦਾ ਆਸਾਨੀ ਨਾਲ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਕਈ ਵਾਰ ਬਲਗਮ ਦੀ ਜਾਂਚ ਨਾਲ ਟੀ.ਬੀ ਦੀ ਬਿਮਾਰੀ ਦਾ ਪਤਾ ਨਹੀ ਲੱਗਦਾ ਸੀ ਅਤੇ ਐਕਸਰੇ ਕਰਵਾਉਣ ‘ਤੇ ਵੀ ਬਿਮਾਰੀ ਲੱਭਣ ਸਬੰਧੀ ਉਚਿਤ ਨਤੀਜੇ ਪ੍ਰਾਪਤ ਨਹੀਂ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਹ ਮਸ਼ੀਨ ਲੱਗਣ ਨਾਲ ਟੀ.ਬੀ ਦੀ ਬਿਮਾਰੀ ਹੋਰ ਬਾਰੀਕੀ ਨਾਲ ਲੱਭੀ ਜਾ ਸਕੇਗੀ।ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਟੈਸਟ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਭੇਜੇ ਜਾਂਦੇ ਸਨ ਅਤੇ ਬਿਮਾਰੀ ਦੇ ਨਤੀਜੇ ਪ੍ਰਾਪਤ ਕਰਨ ਵਿੱਚ ਇੱਕ ਹਫਤੇ ਤੱਕ ਵੀ ਦੇਰੀ ਹੋ ਜਾਂਦੀ ਸੀੇ, ਪ੍ਰੰਤੂ ਹੁਣ ਸਿਵਲ ਹਸਪਤਾਲ ਮੋਗਾ ਵਿਖੇ ਇਸ ਸਹੂਲਤ ਨਾਲ ਸਿਰਫ਼ ਦੋ ਘੰਟੇ ਵਿੱਚ ਹੀ ਬਿਮਾਰੀ ਬਾਰੇ ਅਤੇ ਦਵਾਈਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਇਸ ਮੌਕੇ ਜ਼ਿਲ੍ਹਾ ਟੀ.ਬੀ ਅਫ਼ਸਰ ਮੋਗਾ ਡਾ: ਇੰਦਰਵੀਰ ਗਿੱਲ ਨੇ ਦੱਸਿਆ ਕਿ ਇਹ ਜਾਂਚ ਬਿਲਕੁੱਲ ਮੁਫਤ ਹੋਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ.ਬੀ ਦੀ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਐਮ.ਡੀ.ਆਰ ਅਤੇ ਐਕਸ.ਡੀ.ਆਰ ਮਰੀਜ਼ਾਂ ਲਈ ਅਨਤੋਦਿਆ ਅਨਾਜ ਸਕੀਮ ਤਹਿਤ ਨੀਲੇ ਕਾਰਡ ਵੀ ਬਣਾਏ ਜਾਣਗੇ ਤਾਂ ਕਿ ਕਮਜ਼ੋਰ ਮਰੀਜਾਂ ਨੂੰ ਖੁਰਾਕ ਮਿਲ ਸਕੇ। ਡਾ. ਗਿੱਲ ਨੇ ਪ੍ਰਾਈਵੇਟ ਪ੍ਰਕੈਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਉਨਾਂ ਦੁਆਰਾ ਇਲਾਜ ਕੀਤੇ ਜਾਂਦੇ ਟੀ.ਬੀ. ਦੇ ਮਰੀਜ਼ਾਂ ਦੀ ਨੋਟੀਫ਼ੀਕੇਸ਼ਨ ਸਿਵਲ ਸਰਜਨ ਦਫ਼ਤਰ ਮੋਗਾ ਵਿਖੇ ਯਕੀਨੀ ਬਣਾਈ ਜਾਵੇ ਅਤੇ ਨਾਲ ਹੀ ਉਨ੍ਹਾਂ ਟੀ.ਬੀ ਦੀ ਜਾਂਚ ਲਈ ‘ਸੀਬੀਨਾਟ‘ ਮਸ਼ੀਨ ਤੋਂ ਮੁਫਤ ਸਹੂਲਤ ਦਾ ਲਾਭ ਪ੍ਰਾਪਤ ਕਰਨ ਬਾਰੇ ਵੀ ਕਿਹਾ।ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ: ਅਰੁਣ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸੁਰਿੰਦਰ ਸੇਤੀਆ, ਜ਼ਿਲਾ ਪ੍ਰੀਵਾਰ ਅਤੇ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਗਿੱਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ, ਪ੍ਰਧਾਨ ਪੀ.ਸੀ.ਐਮ.ਐਸ ਐਸੋਸੀਏਸ਼ਨ ਡਾ. ਗਗਨਦੀਪ ਸਿੰਘ, ਡਾ: ਮਨੀਸ਼ ਅਰੋੜਾ, ਡਾ: ਜਸਜੀਤ ਗਿੱਲ, ਨੀਲਮਣੀ ਜ਼ਿਲਾ ਟੀ.ਬੀ ਡਰੱਗ ਸਟੋਰ ਇੰਚਾਰਜ, ਅੰਮਿ੍ਰਤ ਸ਼ਰਮਾ ਜ਼ਿਲ੍ਹਾ ਮੀਡੀਆ ਵਿੰਗ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।


