ਚੌਲਾਂ ਦੇ ਗੱਟੇ ਚੋਰੀ ਕਰਨ ਵਾਲਾ ਸੁਰੱਖਿਆ ਗਾਰਡ, ਸਾਥੀਆਂ ਸਮੇਤ ਗ੍ਰਿਫਤਾਰ

Tags: 

ਮੋਗਾ ,6 ਫਰਵਰੀ ( ਜਸ਼ਨ ) :ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡੀਐਸਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਦੀ ਅਗਵਾਈ ਹੇਠ ਅਜੀਤਵਾਲ ਪੁਲਸ ਨੇ ਹਰਸ਼ ਐਗਰੋ ਦੇ ਗੁਦਾਮ ਵਿਚੋਂ ਹਜ਼ਾਰਾਂ ਰੁਪਏ ਮੁੱਲ ਦੇ ਚੌਲ  ਚੋਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਕਾਬੂ ਕਰ ਕੇ ਚੋਰੀ ਦਾ ਮਾਲ ਬਰਾਮਦ ਕੀਤਾ । ਥਾਣਾ ਅਜੀਤਵਾਲ ਦੇ ਮੁੱਖ ਅਫਸਰ ਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵੀਰ ਸਿੰਘ ਡਿਪਟੀ ਰਜ਼ਿਨਲ ਮੈਨੇਜਰ ਵਿਜੀਲੈਂਸ ਗਲੋਬਲ ਵੇਅਰ ਹਾਊਸ ਐਂਡ ਟਰੇਂਡਿੰਗ ਪ੍ਰਾਈਵੇਟ ਲਿਮਟਿਡ ਮੁਹਾਲੀ ਨੇ ਕਿਹਾ ਕਿ ਉਹ ਵੱਖ ਵੱਖ ਵੇਅਰਹਾਊਸਾਂ ਦੀ ਜਿਸ ਵਿਚ ਸਰਕਾਰੀ ਅਨਾਜ ਜਮ੍ਹਾਂ ਹੁੰਦਾ ਹੈ ਦੀ ਨਿਗਰਾਨੀ ਲਈ ਕੰਪਨੀ ਵਲੋਂ ਤਾਇਨਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਸਪ੍ਰੀਤ ਸਿੰਘ ਉਰਫ ਜੱਸੂ ਨਿਵਾਸੀ ਪਿੰਡ ਬੁੱਟਰ ਕਲਾਂ ਹਰਸ਼ ਐਗਰੋ ਦੇ ਪਿੰਡ ਚੂਹੜਚੱਕ ਵਿਚ ਸਥਿਤ ਬਤੌਰ ਸਕਿਓਰਿਟੀ ਗਾਰਡ ਤਾਇਨਾਤ ਸੀ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ ਗੁਦਾਮ ਵਿਚੋਂ ਚੌਲਾਂ  ਦੇ ਗੱਟੇ ਚੋਰੀ ਹੋਏ ਹਨ, ਜਿਸ ’ਤੇ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਤਾਂ ਪਤਾ ਲੱਗਾ ਕਿ ਸਕਿਓਰਿਟੀ ਗਾਰਡ ਜਸਪ੍ਰੀਤ ਸਿੰਘ ਜੱਸੂ ਨੇ ਆਪਣੇ ਸਾਥੀਆਂ ਗੁਰਤੇਜ ਸਿੰਘ ਨਿਵਾਸੀ ਪਿੰਡ ਬੁੱਟਰ ਕਲਾਂ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਅਤੇ ਅਮਰਿੰਦਰ ਸਿੰਘ ਉਰਫ ਬਾਜ ਨਿਵਾਸੀ ਪਿੰਡ ਢੁੱਡੀਕੇ ਵਲੋਂ ਉਕਤ ਗੁਦਾਮ ਵਿਚ ਸਰਕਾਰੀ ਚੌਲਾਂ  ਦੇ 10 ਗੱਟੇ ਚੋਰੀ ਕੀਤੇ ਹਨ, ਪ੍ਰਤੀ ਗੱਟਾ 50-50 ਕਿੱਲੋ ਦਾ ਸੀ। ਥਾਣਾ ਮੁਖੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਥਿਤ ਮੁਲਜਮਾਂ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਬੋਰੀਆਂ ਚੌਲ  ਅਤੇ ਚੋਰੀ ਕਰਨ ਦੇ ਲਈ ਵਰਤੀ ਗਈ ਇਕ  ਗੱਡੀ ਵੀ ਬਰਾਮਦ ਕੀਤੀ ਗਈ। ਸਾਰੇ ਕਥਿਤ ਮੁਲਜਮਾਂ ਦੇ ਖ਼ਿਲਾਫ਼ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।