ਪੇਂਡੂ ਤੇ ਸ਼ਹਿਰੀ ਖੇਤਰ ਦੇ ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ 166 ਕਿਸਮ ਦੀਆਂ ਸੇਵਾਵਾਂ:-ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ,11 ਜਨਵਰੀ (ਪੰਕਜ ਕੁਮਾਰ) -ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲੇ ਦੇ 83 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 166 ਕਿਸਮ ਦੀਆਂ ਸੇਵਾਵਾਂ ਮਿੱਥੇ ਸਮੇਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਰਾਮਵੀਰ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਚੱਲ ਰਹੇ ਸੇਵਾ ਕੇਂਦਰ ਨਿਰਵਿਘਨ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨਾਂ ਕਿਹਾ ਕਿ ਇਨਾਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਜਨਵਰੀ 2017 ਤੋਂ ਦਸੰਬਰ 2017 ਤੱਕ ਆਨਲਾਈਨ ਅਰਜ਼ੀਆਂ ਸਮੇਤ ਕੁੱਲ 203877 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਇਨਾਂ ਵਿੱਚੋਂ ਖੇਤੀਬਾੜੀ ਵਿਭਾਗ ਨਾਲ ਸਬੰਧਿਤ 40, ਭਾਰਤ ਸੰਚਾਰ ਨਿਗਮ ਲਿਮਟਿਡ ਦੀਆਂ 304, ਸਿਹਤ ਅਤੇ ਪਰਿਵਾਰ ਭਲਾਈ ਦੀਆਂ 31893, ਗ੍ਰਹਿ ਮਾਮਲੇ ਅਤੇ ਨਿਆਂ ਦੀਆਂ 10301, ਮਨਿਸਟਰੀ ਆਫ਼ ਐਕਸਟਰਨਲ ਅਫੇਅਰਸ ਦੀਆਂ 305, ਬੱਸ ਪਾਸ, ਆਧਾਰ ਕਾਰਡ, ਫਰੀਡਮ ਫਾਈਟਰ ਦੀਆਂ 23509,  ਪ੍ਰਸੋਨਲ ਦੀਆਂ 11095, ਪਾਵਰ/ਇਲੈਕਟ੍ਰੀਸਿਟੀ ਦੀਆਂ 37814, ਮਾਲ ਅਤੇ ਮੁੜ ਵਸੇਵੇਂ ਦੀਆਂ 41233, ਪੇਂਡੂ ਵਿਕਾਸ ਅਤੇ ਪੰਚਾਇਤ ਦੀਆਂ 2184, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੀਆਂ 3289, ਲੇਬਰ ਰਜਿਸਟਰੇਸ਼ਨ ਦੀਆਂ 4555, ਗਵਰਨੈਂਸ ਆਫ ਰਿਫੋਰਮਜ ਦੀਆਂ 2 ਅਤੇ ਐੱਸ ਸੀ/ਬੀ ਸੀ ਦੀ ਭਲਾਈ ਦੀਆਂ 37353 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਸਮੇਂ ਸਿਰ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਸਮੇਂ-ਸਮੇਂ ਸਿਰ ਵਾਧਾ ਕੀਤਾ ਜਾ ਰਿਹਾ ਹੈ।  ਉਨਾਂ ਦੱਸਿਆ ਕਿ ਇਹ ਸਾਰੀਆਂ ਸਰਕਾਰੀ ਸੇਵਾਵਾਂ ‘ਸੇਵਾ ਦਾ ਅਧਿਕਾਰ‘ ਐਕਟ ਅਧੀਨ ਆਉਂਦੀਆਂ ਹਨ ਅਤੇ ਲੋਕਾਂ ਨੂੰ ਇਸ ਐਕਟ ਅਧੀਨ ਇਹ ਸੇਵਾਵਾਂ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਹਫ਼ਤੇ ਦੇ ਛੇ ਦਿਨ (ਸੋਮਵਾਰ ਤੋਂ ਸ਼ਨੀਵਾਰ) ਕੰਮ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੇਵਾ ਕੇਂਦਰਾਂ ਵਿੱਚ ਗਜ਼ਟਿਡ ਛੁੱਟੀ ਕੇਵਲ 15 ਅਗਸਤ ਅਤੇ 26 ਜਨਵਰੀ ਦੀ ਰੱਖੀ ਗਈ ਅਤੇ ਇਸ ਤੋਂ ਇਲਾਵਾ ਇਹ ਸੇਵਾ ਕੇਂਦਰ ਕੇਵਲ ਐਤਵਾਰ ਨੂੰ ਹੀ ਬੰਦ ਹੁੰਦੇ ਹਨ।