ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਕਰਵਾਈਆਂ ਗਈਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਐਲਾਨੇ ਗਏ ਨਤੀਜੇ

ਮੋਗਾ,4 MAY(ਜਸ਼ਨ) ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ,ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ,ਕੋਆਰਡੀਨੇਟਰ ਮੈਡਮ ਜਸਪ੍ਰੀਤ ਕੌਰ , ਵੀਨਸ ਹਾਊਸ ਦੇ ਵਾਈਸ ਇੰਚਾਰਜ ਮਿ:ਫਰਾਂਸਿਸ ਅਤੇ ਓਵਰਆਲ ਹਾਊਸ ਇੰਚਾਰਜ ਮਿ:ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈਆਂ ਗਈਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ । ਪਿਛਲੇ ਦਿਨੀ ਸਕੂਲ ਵਿੱਚ ਕਰਵਾਈਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਪੂਰਵਕ ਸੰਪੰਨ ਹੋਈਆਂ। ਹੈੱਡ ਬੁਆਏ ਅਤੇ ਹੈੱਡ ਗਰਲ ਦੇ ਅਹੁਦਿਆਂ ਲਈ 13 ਉਮੀਦਵਾਰ ਮੈਦਾਨ ਵਿੱਚ ਉਤਰੇ। ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਚੋਣ ਨਿਸ਼ਾਨ ਪ੍ਰਾਪਤ ਕੀਤੇ। ਉਮੀਦਵਾਰਾਂ ਨੇ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਆਪਣਾ ਮੈਨੀਫੈਸਟੋ ਪੇਸ਼ ਕੀਤਾ। ਪ੍ਰਚਾਰ ਖਤਮ ਹੁਣ ਮਗਰੋਂ ਗੁਪਤ ਵੋਟਿੰਗ ਕਰਵਾਈ ਗਈ। ਵੋਟਿੰਗ ਮਗਰੋਂ ਵੋਟਾਂ ਦੀ ਗਿਣਤੀ ਕਰਨ ਦਾ ਕੰਮ ਸ਼ੁਰੂ ਹੋਇਆ। ਵੋਟਾਂ ਦੀ ਗਿਣਤੀ ਖਤਮ ਹੋਣ ਉਪਰੰਤ ਹੈੱਡ ਬੁਆਏ ਅਤੇ ਹੈੱਡ ਗਰਲ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਹੈੱਡ ਬੁਆਏ ਬਿਪਨਦੀਪ ਸਿੰਘ ਅਤੇ ਹੈੱਡ ਗਰਲ ਖੁਸ਼ਪ੍ਰੀਤ ਕੌਰ ਚੁਣੀ ਗਈ । ਇਸ ਦੇ ਨਾਲ ਹੀ ਵੱਖ-ਵੱਖ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਵੀ ਚੁਣੇ ਗਏ। ਜਿਸ ਵਿੱਚ ਜੁਪੀਟਰ ਹਾਊਸ ਦੀ ਕੈਪਟਨ ਆਰਤੀ ਮਿਸ਼ਰਾ ਅਤੇ ਵਾਈਸ ਕੈਪਟਨ ਜੈਦੀਪ ਕੌਰ, ਮਾਰਸ ਹਾਊਸ ਦੀ ਕੈਪਟਨ ਅਨਮੋਲਪ੍ਰੀਤ ਕੌਰ ਅਤੇ ਵਾਈਸ ਕੈਪਟਨ ਹਰਲੀਨ ਕੌਰ, ਮਰਕਰੀ ਹਾਊਸ ਦੀ ਕੈਪਟਨ ਕਿਰਨਦੀਪ ਕੌਰ ਅਤੇ ਵਾਈਸ ਕੈਪਟਨ ਤਨਵੀਰ ਕੌਰ, ਵੀਨਸ ਹਾਊਸ ਦੀ ਕੈਪਟਨ ਜੈਸਮੀਨ ਕੌਰ ਅਤੇ ਵਾਈਸ ਕੈਪਟਨ ਦਮਨਦੀਪ ਕੌਰ ਚੁਣੇ ਗਏ। ਜੇਤੂ ਵਿਦਿਆਰਥੀਆਂ ਨੂੰ ਬੈਚ ਅਤੇ  ਸੈਸ਼ ਪਹਿਨਾ ਕੇ ਅਹੁਦਾ ਸੰਭਾਲਣ ਦੀ ਸਹੁੰ ਚੁਕਾਈ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਹੈੱਡ ਬੁਆਏ, ਹੈੱਡ ਗਰਲ, ਕੈਪਟਨ ਅਤੇ ਵਾਈਸ ਕੈਪਟਨ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਹੁਕਮ ਚਲਾਉਣਾ ਨਹੀਂ,  ਸਭ ਨੂੰ ਨਾਲ ਲੈ ਕੇ ਚੱਲਣਾ ਹੈ। ਹਾਰਨ ਵਾਲੇ ਵੀ ਜੇਤੂ ਹਨ, ਕਿਉਂਕਿ ਉਹਨਾਂ ਨੇ ਹਿੰਮਤ ਕਰਕੇ ਮੈਦਾਨ ਚ ਉਤਰਨ ਦਾ ਫੈਸਲਾ ਕੀਤਾ। ਚੋਣਾਂ ਲੜਨਾ ਹੀ ਸਭ ਤੋਂ ਵੱਡੀ ਜਿੱਤ ਹੈ। ਨਵੀਂ ਵਿਦਿਆਰਥੀ ਕੌਂਸਲ ਨੂੰ ਆਪਣੇ ਵਾਅਦਿਆਂ ਪ੍ਰਤੀ ਵਚਨਬੱਧ ਰਹਿਣ ਲਈ ਪ੍ਰੇਰਿਆ ਅਤੇ ਕਿਹਾ ਕਿ ਤੁਹਾਡਾ ਮੈਨੀਫੈਸਟੋ ਕਾਗਜ਼ ਦਾ ਟੁਕੜਾ ਨਹੀਂ,  ਤੁਹਾਡੇ ਸਾਥੀਆਂ ਦਾ ਵਿਸ਼ਵਾਸ ਹੈ। ਇਸ ਨੂੰ ਨਿਭਾਉਣਾ ਤੁਹਾਡਾ ਪਹਿਲਾ ਫਰਜ਼ ਹੈ। ਲੋਕਤੰਤਰ ਦੀ ਸਭ ਤੋਂ ਖੂਬਸੂਰਤ ਤਸਵੀਰ ਅੱਜ ਸਾਡੇ ਸਕੂਲ ਬਣੀ ਹੈ- ਜਿੱਥੇ ਹਰ ਵੋਟ ਦੀ ਇੱਜ਼ਤ ਹੋਈ।