ਲਾਡੀ ਸ਼ੇਰੋਵਾਲੀਆ ਦੀ ਇਤਿਹਾਸਕ ਜਿੱਤ ਲੋਕਾਂ ਵਲੋਂ ਕਾਂਗਰਸ ਸਰਕਾਰ ਦੀਆ ਨੀਤੀਆਂ ‘ਤੇ ਮੋਹਰ-ਸੇਵਕ ਸਿੰਘ ਸੈਦੋਕੇ

ਨਿਹਾਲ ਸਿੰਘ ਵਾਲਾ, 1ਜੂਨ (ਜਸ਼ਨ)- ਸ਼੍ਰੋਮਣੀ ਅਕਾਲੀ ਦਲ ਦੇ ਗੜ ਮੰਨੇ ਜਾਣ ਵਾਲੇ ਸ਼ਾਹਕੋਟ ਹਲਕੇ ’ਚ ਹੋਈ ਜ਼ਿਮਨੀ ਚੋਣ ’ਚ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕਰਕੇ ਕਾਂਗਰਸ ਦੀਆਂ ਲੋਕ ਹਿਤੂ ਨੀਤੀਆਂ ’ਤੇ ਮੋਹਰ ਲਗਾ ਦਿੱਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਰਮਨਪਿਆਰਤਾ ਮੁੜ ਤੋਂ ਰੰਗ ਲਿਆਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੇਵਕ ਸਿੰਘ ਸੈਦੋਕੇ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਨੇ  ਕੱਲ ਮੋਗਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਸੈਦੋਕੇ ਨੇ ਆਖਿਆ ਕਿ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹੋਈ ਸ਼ਾਨਦਾਰ ਜਿੱਤ ਨਾਲ  ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਮੁੱਚੀ ਲੀਡਰਸ਼ਿੱਪ ਇਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਸ਼ੁੱਭ ਸੰਕੇਤ ਮੰਨ ਰਹੀ ਹੈ। ਉਹਨਾਂ ਕਿਹਾ ਕਿ ਸ਼ਾਹਕੋਟ ਹਲਕੇ ਦੇ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿੱਤਾ ਕੇ ਪੰਜਾਬ ਨੂੰ ਵਿਕਾਸ ਦੇ ਰਾਹ ਤੋਰਨ ਲਈ ਕੈਪਟਨ ਦੇ ਹੱਥ ਮਜਬੂਤ ਕੀਤੇ ਹਨ। ਸੈਦੋਕੇ ਨੇ ਆਖਿਆ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਹੁਣ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੀ ਹੈ ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ ਦੀਆਂ ਆਪਹੁਦਰੀਆਂ ਨੀਤੀਆਂ ਕਾਰਨ ਲੋਕਾਂ ਦੀਆਂ ਸਮੱਸਿਆਵਾਂ ’ਚ ਵਾਧਾ ਹੋਇਆ ਹੈ ਤੇ ਆਮ ਲੋਕ ਮੁੜ ਮੁੜ ਕਾਂਗਰਸ ਦੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਯਾਦ ਕਰਦਿਆਂ ਦੇਸ਼ ਦੀ ਸੱਤਾ ਦੇਸ਼ ਭਗਤਾਂ ਦੀ ਪਾਰਟੀ ਕਾਂਗਰਸ ਹੱਥ ਸੌਂਪਣ ਦਾ ਮਨ ਬਣਾ ਚੁੱਕੇ ਹਨ।