ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਮਨਾਇਆ ਜਾਵੇਗਾ 29ਵਾਂ ਡੈਂਟਲ ਸਿਹਤ ਪੰਦ੍ਹਰਵਾੜਾ:- ਡਾ:ਰੇਨੂ ਸਿੰਗਲਾ

ਫ਼ਿਰੋਜ਼ਪੁਰ 08 ਫਰਵਰੀ 2018 (ਪੰਕਜ ਕੁਮਾਰ ) ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜ ਅੰਦਰ 29ਵਾਂ ਡੈਂਟਲ ਸਿਹਤ ਪੰਦ੍ਹਰਵਾੜਾ ਮਿਤੀ 12 ਫਰਵਰੀ ਤੋ 26 ਫਰਵਰੀ 2018 ਤੱਕ ਮਨਾਇਆ ਜਾ ਰਿਹਾ ਹੈ ਅਤੇ ਇਹ ਪੰਦ੍ਹਰਵਾੜਾ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੀ ਮਨਾਇਆ ਜਾਵੇਗਾ। ਇਹ ਜਾਣਕਾਰੀ ਡਾ. ਰੇਨੂ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪੰਦ੍ਹਰਵਾੜੇ ਦੌਰਾਨ ਜ਼ਿਲ੍ਹਾ ਪੱਧਰ, ਸਬ-ਡਵੀਜਨਲ ਪੱਧਰ, ਸੀ.ਐੱਚ.ਸੀ, ਪੀ.ਐੱਚ.ਸੀ ਪੱਧਰ ਤੇ ਕੈਂਪ ਲਗਾਏ ਜਾਣਗੇ ਅਤੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਦੰਦਾ ਦੇ ਸੈੱਟ ਮੁਫ਼ਤ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦੰਦਾ ਦੀਆਂ ਬਿਮਾਰੀਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਪੰਦ੍ਹਰਵਾੜੇ ਦੌਰਾਨ ਸਕੂਲੀ ਬੱਚਿਆ ਨੂੰ ਦੰਦਾ ਦੀ ਸੰਭਾਲ ਸਬੰਧੀ ਪ੍ਰਦਰਸ਼ਨੀਆਂ ਅਤੇ ਸਕਿੱਟਾਂ ਰਾਹੀਂ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੰਦ੍ਹਰਵਾੜੇ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ, ਜ਼ੀਰਾ ਅਤੇ ਫ਼ਿਰੋਜ਼ਸ਼ਾਹ ਵਿਖੇ ਡੈਂਚਰ ਮੁਫ਼ਤ ਲਗਾਏ ਜਾਣਗੇ ਅਤੇ ਮਰੀਜ਼ਾਂ ਦੇ ਮੁਫ਼ਤ ਚੈੱਕਅਪ ਤੋਂ ਇਲਾਵਾ ਇਲਾਜ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ।


