ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕੀਤੀ ਸ਼ਰਧਾਂਜਲੀ ਭੇਂਟ 

ਮੋਗਾ, 31 ਜੁਲਾਈ (ਜਸ਼ਨ)-ਸ਼ਹੀਦ ਸਰਦਾਰ ਉਧਮ ਸਿੰਘ ਦੀ ਸ਼ਹੀਦੀ ਦਿਹਾੜੇ ਦੇ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਜੀ ਦਾ ਦੇਸ਼ ਦੀ ਆਜ਼ਾਦੀ ਵਿੱਚ ਪਾਇਆ ਯੋਗਦਾਨ ਬਹੁਤ ਹੀ ਅਨਮੋਲ ਹੈ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਸਾਨੂੰ ਸ਼ਹੀਦ ਉਧਮ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਡਾ. ਹਰਜੋਤ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਅੰਗਰੇਜੀ ਹਕੂਮਤ ਦੀਆਂ ਜੜਾ ਹਿਲਾ ਕੇ ਰੱਖ ਦਿੱਤੀਆਂ ਸਨ ਅਤੇ ਗੂੰਗੀ ਤੇ ਬੋਲੀ ਅੰਗਰੇਜੀ ਹਕੂਮਤ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿੱਤੀ ਸੀ ਕਿ ਭਾਰਤ ਦੇ ਨੌਜਵਾਨਾਂ ਵਿੱਚ ਕਿੰਨੀ ਤਾਕਤ ਅਤੇ ਬਲ ਹੈ। ਡਾ. ਹਰਜੋਤ ਨੇ ਕਿਹਾ ਕਿ ਸਾਨੂੰ ਸ਼ਹੀਦ ਉਧਮ ਸਿੰਘ ਵਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ, ਇਹੀ ਸਾਡੇ ਵਲੋਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।