ਡਿਪਟੀ ਕਮਿਸ਼ਨਰ ਸ: ਦਿਲਰਾਜ ਸਿੰਘ ਨੇ ਮਾਲ ਵਿਭਾਗ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ,ਕਿਹਾ, ਮਾਲ ਅਧਿਕਾਰੀ ਬਕਾਇਆ ਵਸੂਲੀਆਂ ਦੇ ਕੰਮ ’ਚ ਤੇਜ਼ੀ ਲਿਆਉਣ

ਮੋਗਾ,21 ਮਾਰਚ (ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ: ਦਿਲਰਾਜ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵੱਖ-ਵੱਖ ਕੰਮਾਂ ਦਾ ਜ਼ਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬਕਾਇਆ ਵਸੂਲੀਆਂ ਦੇ ਕੰਮਾਂ ‘ਚ ਤੇਜ਼ੀ ਲਿਆਉਣ ਅਤੇ ਜ਼ਮੀਨੀ ਵੰਡ ਦੇ ਕੇਸਾਂ ਦਾ ਨਿਪਟਾਰਾ ਵੀ ਪਹਿਲ ਦੇ ਆਧਾਰ ‘ਤੇ ਕਰਨ ਨੂੰ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਸ: ਦਿਲਰਾਜ ਸਿੰਘ ਨੇ ਮਾਲ ਵਿਭਾਗ ਦੇ ਕੰਮਾਂ ਦਾ ਜ਼ਾਇਜ਼ਾ ਲੈਂਦਿਆਂ ਸਮੂਹ ਮਾਲ ਅਧਿਕਾਰੀਆਂ ਨੂੰ ਜਮੀਨਾਂ ਦੀਆਂ ਜਮਾਂਬੰਦੀਆਂ,ਇੰਤਕਾਲ, ਨਿਸ਼ਾਨਦੇਹੀਆਂ ਤੇ ਤਕਸੀਮਾਂ ਦੇ ਮਾਮਲੇ ਜਲਦੀ ਨਿਪਟਾਉਣ, ਲੰਬਿਤ ਪਏ ਕੋਰਟ ਕੇਸਾਂ ਅਤੇ ਸ਼ਿਕਾਇਤਾਂ ਦੇ ਨਿਪਟਾਰਿਆਂ ਨੂੰ ਵੀ ਜਲਦੀ ਕਰਵਾਉਣ ਦੇ ਆਦੇਸ਼ ਦਿੱਤੇ. ਉਨਾਂ ਲੰਬਿਤ ਪਏ ਬਕਾਇਆ ਕੇਸਾਂ ਦੀ ਵਸੂਲੀ ਸਬੰਧੀ ਕਿਹਾ ਕਿ ਸਮੂਹ ਮਾਲ ਅਧਿਕਾਰੀ ਸਬੰਧਤ ਵਿਭਾਗਾਂ ਨਾਲ ਤਾਲ-ਮੇਲ ਕਰਕੇ ਡਿਫਾਲਟਰ ਕਰਜਦਾਰਾਂ ਤੋਂ ਵਸੂਲੀ ਤੁਰੰਤ ਕਰਨੀ ਯਕੀਨੀ ਬਣਾਉਣ ਅਤੇ ਕਿਹਾ ਕਿ ਲੋਕਾਂ ਜਾਂ ਅਦਾਰਿਆਂ ਵੱਲ ਲੰਬਿਤ ਬਕਾਇਆ ਕਰਜਿਆਂ ਦੀ ਵਸੂਲੀ ਕਰਵਾਉਣ ਦੇ ਕੰਮ ‘ਚ ਤੇਜ਼ੀ ਲਿਆਂਦੀ ਜਾਵੇ। ਉਨਾਂ ਜ਼ਿਲੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ ਦੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ‘ਤੇ ਨਿਗਰਾਨੀ ਰੱਖਣ ਅਤੇ ਸਮੇਂ-ਸਮੇਂ ‘ਤੇ ਪ੍ਰਗਤੀ ਦਾ ਜ਼ਾਇਜ਼ਾ ਲੈਣ। ਇਸ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਐਸ.ਡੀ.ਐਮ ਮੋਗਾ ਸੁਖਪ੍ਰੀਤ ਸਿੰਘ ਸਿੱਧੂ,ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ,  ਜ਼ਿਲਾ ਮਾਲ ਅਫ਼ਸਰ ਸਵਿਤਾ, ਸਮੂਹ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮੌਜੂਦ ਸਨ।