ਅੰਤਰਰਾਸ਼ਟਰੀ ਪ੍ਰਵਾਸੀ ਪੰਜਾਬੀ ਸਾਹਿਤ ਵਿਸ਼ਵ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਦਾ ਸੱਦਾ

ਲੁਧਿਆਣਾ,16ਜਨਵਰੀ (ਜਸ਼ਨ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਵੇਸ਼ ਜ਼ਰੀਏ ਆਪਣੀ ਮਾਂ-ਭੂਮੀ ਪੰਜਾਬ ਦੇ ਸਰਬਪੱਖੀ ਵਿਕਾਸ ਵਿੱਚ ਸਰਗਰਮ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ। ਉਹ ਸਥਾਨਕ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪੰਜਾਬ ਭਵਨ ਸੱਰੀ ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਪ੍ਰਵਾਸੀ ਪੰਜਾਬੀ ਸਾਹਿਤ ਵਿਸ਼ਵ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦਾ ਬਾਹਾਂ ਖੋਲ੍ਹ ਕੇ ਨਿੱਘਾ ਸਵਾਗਤ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨ, ਪੰਜਾਬ ਸਰਕਾਰ ਉਨ੍ਹਾਂ ਨੂੰ ਸਹੂਲਤਾਂ ਦੇਣ ਲਈ ਸਿੰਗਲ ਵਿੰਡੋ ਸਿਸਟਮ ਰਾਹੀਂ ਭ੍ਰਿਸ਼ਟਾਚਾਰ ਮੁਕਤ ਅਤੇ ਸਨਅਤਾਂ ਪੱਖੀ ਮਾਹੌਲ ਦੇਣ ਲਈ ਵਚਨਬੱਧ ਹੈ।ਸ੍ਰ. ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਪ੍ਰਵਾਸੀ ਪੰਜਾਬੀ ਵਿਸ਼ੇਸ਼ ਤੌਰ ‘ਤੇ ਸੈਰ ਸਪਾਟਾ ਅਤੇ ਉਤਪਾਦਨ ਖੇਤਰ ਵਿੱਚ ਨਿਵੇਸ਼ ਕਰਕੇ ਸੂਬੇ ਅਤੇ ਆਪਣੇ ਵਿਕਾਸ ਲਈ ਨਵੇਂ ਦਰਵਾਜੇ ਖੋਲ੍ਹ ਸਕਦੇ ਹਨ।
ਪੰਜਾਬ, ਜਿਸ ਨੇ ਦੇਸ਼ ਵਿੱਚ ਹਰੀ ਅਤੇ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ, ਨੂੰ ਅੱਜ ਲੋੜ ਹੈ ਕਿ ਪ੍ਰਵਾਸੀ ਪੰਜਾਬੀ ਇਸ ਸੂਬੇ ਨੂੰ ਹੁਣ ਦੇਸ਼ ਦਾ ਸਰਬੋਤਮ ਸੂਬਾ ਬਣਾਉਣ ਲਈ ਸਰਗਰਮ ਭੂਮਿਕਾ ਅਦਾ ਕਰਨ। ਉਨ੍ਹਾਂ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ‘ਤੇ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਅਣਦੇਖੀ ਕਰਨ ਅਤੇ ਸਮੱਸਿਆਵਾਂ ਦੇ ਹੱਲ ਨਾ ਕੱਢਣ ਦਾ ਦੋਸ਼ ਲਗਾਇਆ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀ ਸਾਹਿੱਤ ਅਧਿਐਨ ਲਈ ਕਿਸੇ ਇੱਕ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਵਿੱਚ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵਿਖੇ ‘ਪ੍ਰਵਾਸੀ ਸਾਹਿਤ ਅਧਿਐਨ ਕੇਂਦਰ‘ ਸਥਾਪਤ ਕਰਨ ਲਈ ਪੰਜ ਸਾਲਾਂ ਲਈ 5 ਲੱਖ ਰੁਪਏ ਸਾਲਾਨਾ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐੱਸ. ਪੀ. ਸਿੰਘ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਇਸ ਕਾਨਫਰੰਸ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਦਾ ਉਦਘਾਟਨੀ ਭਾਸ਼ਣ ਪ੍ਰਸਿੱਧ ਨਾਵਲਕਾਰ ਅਤੇ ਪਦਮਸ਼੍ਰੀ ਡਾ. ਦਲੀਪ ਕੌਰ ਟਿਵਾਣਾ ਨੇ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਡਾ: ਅੰਮ੍ਰਿਤਪਾਲ ਕੌਰ ਨੇ ਕੁੰਜੀਵਤ ਭਾਸ਼ਣ ਦਿੱਤਾ। ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ:ਗੁਰਸ਼ਰਨ ਸਿੰਘ ਨਰੂਲਾ ਤੇ ਡਾ: ਐੱਸ ਪੀ ਸਿੰਘ ਨੇ ਸ: ਨਵਜੋਤ ਸਿੰਘ ਸਿੱਧੂ, ਸੁੱਖੀ ਬਾਠ, ਡਾ: ਦਲੀਪ ਕੌਰ ਟਿਵਾਣਾ,ਡਾ: ਅੰਮ੍ਰਿਤਪਾਲ ਕੌਰ ਤੇ ਗੁਰਭਜਨ ਗਿੱਲ ਨੂੰ ਕਾਲਿਜ ਵੱਲੋਂ ਸਨਮਾਨਿਤ ਕੀਤਾ ।
ਸਮਾਗਮ ਨੂੰ ਪੰਜਾਬ ਭਵਨ ਸੱਰੀ ਕੈਨੇਡਾ ਦੇ ਬਾਨੀ ਸ੍ਰੀ ਸੁੱਖੀ ਬਾਠ, ਡਾ. ਭੁਪਿੰਦਰ ਸਿੰਘ, ਡਾ: ਮੁਨੀਸ਼ ਕੁਮਾਰ, ਡਾ: ਗੁਰਪ੍ਰੀਤ ਸਿੰਘ, ਡਾ: ਤੇਜਿੰਦਰ ਕੌਰ,ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਅਤੇ ਪੰਜਾਬੀ ਸਾਹਿੱਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਸ ਕਾਨਫਰੰਸ ਦਾ ਮੰਤਵ ਪ੍ਰਵਾਸੀ ਪੰਜਾਬੀ ਲੇਖਕਾਂ, ਵਿਦਵਾਨਾਂ ਅਤੇ ਆਲੋਚਕਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਪੰਜਾਬੀ ਸਾਹਿਤ ਦੇ ਵਿਕਾਸ ਲਈ ਉਪਰਾਲੇ ਕਰਨਾ ਹੈ। ਇਸ ਮੌਕੇ ਪੰਜਾਬੀ ਨਾਲ ਸੰਬੰਧਤ ਦੋ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ। ਸਮਾਗਮ ਦੌਰਾਨ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਸ੍ਰੀ ਸੰਜੇ ਤਲਵਾੜ ,ਉੱਘੇ ਪਰਵਾਸੀ ਲੇਖਕ ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਸਰਵਨ ਸਿੰਘ ਢੁਡੀਕੇ, ਜਾਗੀਰ ਸਿੰਘ ਕਾਹਲੋਂ, ਗੁਰਬਾਜ਼ ਸਿੰਘ ਬਰਾੜ, ਦੇਵਿੰਦਰ ਸਿੰਘ ਬੈਨੀਪਾਲ ਪਰਾਈਮ ਏਸ਼ੀਆ ,ਮੋਹਨ ਗਿੱਲ, ਸੁਰਜੀਤ ਕੌਰ (ਸਾਰੇ ਕੈਨੇਡਾ) ਦਲਜਿੰਦਰ ਸਹੋਤਾ, ਜਸਜੀਤ ਸਿੰਘ ਨੱਤ, ਮਹਿੰਦਰਦੀਪ ਗਰੇਵਾਲ, ਪ੍ਰੋ: ਸੁਰਜੀਤ ਸਿੰਘ ਕਾਉਂਕੇ ,ਚਰਨਜੀਤ ਸਿੰਘ ਪੰਨੂ, ਗੁਰਜਤਿੰਦਰ ਸਿੰਘ ਰੰਧਾਵਾ,ਪਸ਼ੌਰਾ ਸਿੰਘ ਢਿੱਲੋਂ (ਸਾਰੇ ਅਮਰੀਕਾ) ਤਰਲੋਚਨ ਗਰੇਵਾਲ(ਹਾਲੈਂਡ) ਦਰਸ਼ਨ ਧੀਰ, ਗੁਰਦਰਸ਼ਨ ਕੌਰ(ਇੰਗਲੈਂਡ) ਤੋਂ ਇਲਾਵਾ ਸਥਾਨਕ ਲੇਖਕ ਡਾ: ਹਰਚੰਦ ਸਿੰਘ ਬੇਦੀ, ਡਾ: ਗੁਰਬੀਰ ਸਿੰਘ ਬਰਾੜ ਬਟਾਲਾ, ਡਾ: ਕੰਵਲਜੀਤ ਸਿੰਘ ਖਡੂਰ ਸਾਹਿਬ,ਪ੍ਰੋ: ਸੁਖਵੰਤ ਸਿੰਘ ਗਿੱਲ ਬਟਾਲਾ, ਡਾ: ਗੁਲਜ਼ਾਰ ਪੰਧੇਰ, ਡਾ: ਸਤਿਨਾਮ ਸਿੰਘ ਨਿੱਝਰ ਬਟਾਲਾ , ਕੁਲਜੀਤ ਸਿੰਘ, ਭਗਵੰਤ ਸਿੰਘ,ਹਰਦੀਪ ਸਿੰਘ ,ਜਗਜੀਤ ਪੰਜੌਲੀ,ਰਵਿੰਦਰ ਭੱਠਲ,ਸਵਰਨਜੀਤ ਸਵੀ, ਤੇਜਪਰਤਾਪ ਸਿੰਘ ਸੰਧੂ,ਪਿਰਥੀਪਾਲ ਸਿੰਘ ਹੇਅਰ,ਹਰਬੰਸ ਮਾਲਵਾ,ਰਿਸ਼ੀ ਹਿਰਦੇਪਾਲ, ਦੇਵਿੰਦਰਪ੍ਰੀਤ ਕੌਰ ਚੰਡੀਗੜ੍ਹ,ਸਤੀਸ਼ ਗੁਲਾਟੀ, ਤਰਲੋਚਨ ਲੋਚੀ, ਹਰਪ੍ਰੀਤ ਸਿੰਘ ਸੰਧੂ, ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਪੰਜਾਬੀ ਪ੍ਰੇਮੀ ਵੀ ਹਾਜ਼ਰ ਸਨ।


