ਪੈਨਸ਼ਰਜ਼-ਡੇ 28 ਦਸੰਬਰ ਨੂੰ ਮਨਾਇਆ ਜਾਵੇਗਾ- ਚਮਕੌਰ ਸਿੰਘ ਡਗਰੂ

 ਮੋਗਾ,28 ਦਸੰਬਰ (ਜਸ਼ਨ-)ਅੱਜ ਬੱਸ ਸਟੈਂਡ ਮੋਗਾ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕੀਤੀ। ਮੀਟਿੰਗ ਵਿੱਚ ਯੂਨੀਅਨ ਵੱਲੋਂ 28 ਦਸੰਬਰ, 2017 ਨੂੰ ਪੈਨਸ਼ਨਰਜ਼-ਡੇ ਮਨਾਉਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਪੈਨਸ਼ਨਰਜ਼ ਡੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੀ ਹੋ ਗਈਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਮੌਕੇ ਲੋਕਾਂ ਅਤੇ ਪੈਨਸ਼ਨਰਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ ਪੈਨਸ਼ਨਰਜ਼ ਦੀ ਬਣਦੇ ਹੱਕ ਦੇਣ ਤੋਂ ਵੀ ਸਰਕਾਰ ਭੱਜ ਗਈ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਉਣਾ, 1-04-2004 ਤੋਂ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ,  ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਵਾਉਣੀਆਂ, ਅਫ਼ਸਰਾਂ ਅਤੇ ਹੋਰ ਮੁਲਾਜ਼ਮਾਂ ਤੇ ਇੱਕੋ ਜਿਹਾ ਪੈਨਸ਼ਨ ਸੋਧ ਫਾਰਮੂਲਾ ਲਾਗੂ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਯੂਨੀਅਨ ਲਗਾਤਾਰ ਸੰਘਰਸ਼ਸ਼ੀਲ ਰਹੀ ਹੈ। ਕਾਂਗਰਸ ਦੀ ਇਹ ਪੰਜਾਬ ਸਰਕਾਰ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਪ੍ਰਾਈਵੇਟਾਂ ਤੋਂ ਮਹਿੰਗੇ ਭਾਅ ਬਿਜਲੀ ਖ੍ਰੀਦ ਰਹੀ ਹੈ ਜਦਕਿ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਸਸਤੀ ਪੈਂਦੀ ਹੈ। ਇਹ ਸਰਕਾਰ ਨਵੀਆਂ ਨੌਕਰੀਆਂ ਤਾਂ ਕੀ ਦੇਣੀਆਂ ਸਨ ਸਗੋਂ ਨੌਕਰੀ ਤੇ ਲੱਗੇ ਮੁਲਾਜ਼ਮਾਂ ਤੋਂ ਨੌਕਰੀਆਂ ਖੋਹ ਰਹੀ ਹੈ। ਇਸ ਮੌਕੇ ਬਚਿੱਤਰ ਸਿੰਘ ਧੋਥੜ ਪ੍ਰਧਾਨ ਪਸਸਫ ਮੋਗਾ ਨੇ ਕਿਹਾ ਕਿ ਇਹ ਸਰਕਾਰ ਵੀ ਪਿਛਲੀ ਸਰਕਾਰ ਵਾਂਗ ਹੀ ਲੋਕਾਂ ਨੂੰ ਲੁੱਟ ਰਹੀ ਹੈ ਟ੍ਰਾਂਸਪੋਰਟ ਪਾਲਿਸੀ ਵੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੇ ਹੱਕ ਦੀ ਬਣਾਈ ਗਈ ਹੈ। ਇਹ ਸਰਕਾਰ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਲੋਕ ਪੱਖੀ ਫੈਸਲੇ ਵੀ ਲਾਗੂ ਕਰਨ ਤੋਂ ਭੱਜ ਰਹੀ ਹੈ।  ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਮਸਲਿਆਂ ਤੇ ਵਿਚਾਰ ਕਰਨ ਅਤੇ ਸੰਘਰਸ਼ ਨੂੰ ਨਵੀਂ ਰੂਪ ਰੇਖਾ ਦੇਣ ਅਤੇ ਪੈਨਸ਼ਨਰਾਂ ਨੂੰ ਜਾਗਰੂਕ ਕਰਨ ਲਈ ਇਹ ਪੈਨਸ਼ਨਰਜ਼ ਡੇ ਮਹੱਤਵਪੂਰਨ ਰੋਲ ਅਦਾ ਕਰੇਗਾ। ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਬਲਕਾਰ ਵਲਟੋਹਾ, ਚਰਨ ਸਿੰਘ ਸਰਾਭਾ, ਗੁਰਮੇਲ ਸਿੰਘ ਮੈਲਡੇ, ਬਲਦੇਵ ਸਿੰਘ ਸਹਿਦੇਵ, ਅਸੋਕ ਕੌਸ਼ਲ ਆਦਿ ਆਗੂ ਸੰਬੋਧਨ ਕਰਨਗੇ। ਇਸ ਮੀਟਿੰਗ ਵਿੱਚ ਪੋਹਲਾ ਸਿੰਘ ਬਰਾੜ, ਨਿਰੰਜਣ ਸਿੰਘ ਮਾਛੀਕੇ, ਭਜਨ ਸਿੰਘ, ਅਜਮੇਰ ਸਿੰਘ ਦੱਦਾਹੂਰ, ਸਤਪਾਲ ਭਿੰਡਰ, ਬਲਕਰਨ ਮੋਗਾ ਅਤੇ ਹੋਰ ਸਾਥੀ ਸ਼ਾਮਲ ਸਨ।