ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਸੰਤ ਬਾਬਾ ਸਤਵੰਤ ਸਿੰਘ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਕਲਾਸ ਰੂਮ ਦਾ ਕੀਤਾ ਉਦਘਾਟਨ ,ਇਕ ਲੱਖ ਹੋਰ ਦੇਣ ਦਾ ਕੀਤਾ ਐਲਾਨ

ਮੋਗਾ, 10 ਮਾਰਚ (ਜਸ਼ਨ)- ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਵਿਦਿਆਰਥੀਆਂ ਦੇ ਨਵੇਂ ਦਾਖਲੇ ਲਈ ਅਤੇ ਨਵੇਂ ਵਿੱਦਿਅਕ ਵਰੇ ਦੀ ਸ਼ੁੱਭ ਆਮਦ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਹੋਏ ਧਾਰਮਿਕ ਸਮਾਗਮ ਦੌਰਾਨ ਡੇਰਾ ਸੱਤਿਆਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਵੰਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡੇਰਾ ਸੱਤਿਆਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਵੰਤ ਸਿੰਘ ਵੱਲੋਂ ਦਿੱਤੀ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਕੀਤੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਬਣਾਏ ਆਧੁਨਿਕ ਤਕਨੀਕ ਨਾਲ ਲੈੱਸ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ।
ਉਦਘਾਟਨੀ ਰਸਮਾਂ ਮੌਕੇ ਸੰਤ ਬਾਬਾ ਸਤਵੰਤ ਸਿੰਘ, ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ ,ਸਰਪੰਚ ਨਿਰਮਲ ਸਿੰਘ ,ਮੈਂਬਰ ਬਲਦੇਵ ਸਿੰਘ, ਮਨਜਿੰਦਰ ਸਿੰਘ, ਮੈਂਬਰ ਬਿਕਰਮ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਸਤਵੰਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੀ ਭਲਾਈ ਲਈ ਇਕ ਲੱਖ ਰੁਪਏ ਦੀ ਹੋਰ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਪ੍ਰੀ ਪ੍ਰਾਇਮਰੀ ਕਲਾਸ ਦੇ ਬੱਚਿਆਂ ਲਈ ਤਿਆਰ ਕੀਤੇ ਕਲਾਸ ਰੂਮ ਦੀ ਸ਼ਲਾਘਾ ਕੀਤੀ । ਉਹਨਾਂ ਆਖਿਆ ਕਿ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਬਣੇ ਇਸ ਕਮਰੇ ਦੀ ਦਿੱਖ ਬੇਹੱਦ ਪ੍ਰਭਾਵਸ਼ਾਲੀ ਹੈ ਅਤੇ ਉਹ ਆਸ ਕਰਦੇ ਹਨ ਕਿ ਪਿੰਡਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ (ਐ:ਸਿ) ਜਸਪਾਲ ਸਿੰਘ ਔਲਖ ਨੇ ਸੰਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਵਾਸੀ ਭਾਰਤੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਿੱਖਿਆ ਦੇ ਪ੍ਰਸਾਰ ਲਈ ਜਿਸ ਭਾਵਨਾ ਨਾਲ ਦਾਨ ਕੀਤਾ ਜਾਂਦਾ ਹੈ ਉਸ ਦੀ ਕਦਰ ਕਰਦੇ ਹੋਏ ਅਧਿਆਪਕਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਪਿੰਡ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖਲੇ ਕਰਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਪਿੰਡ ਬੁੱਘੀਪੁਰਾ ਦੀ ਸਮੂਹ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਕੀਤੇ ਕੰਮਾਂ ਲਈ ਸਰਪੰਚ ਨਿਰਮਲ ਸਿੰਘ ਨੂੰ ਅਤੇ ਐੱਨ ਆਰ ਆਈ ਵੀਰਾਂ ਵੱਲੋਂ ਕਰਵਾਏ ਜਾ ਰਹੇ ਪ੍ਰਾਈਵੇਟ ਸਕੂਲਾਂ ਦੀ ਤਰਾਂ ਵਧੀਆ ਰੰਗ ਰੋਗਨ ਕਰਵਾਉਣ ਲਈ ਮਨਜਿੰਦਰ ਸਿੰਘ ਨੂੰ ਸੰਤ ਸਤਵੰਤ ਸਿੰਘ ,ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੇ ਸਮੂਹ ਸਟਾਫ਼ ਵੱਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਹੈੱਡ ਟੀਚਰ ਜਤਿੰਦਰ ਕੌਰ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ । ਇਸ ਮੌਕੇ ਪਿ੍ਰੰ: ਡਾਇਟ ਸੁਖਚੈਨ ਸਿੰਘ ਹੀਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਬੀ ਪੀ ਈ ਓ ਮੋਗਾ 1 ਸੁਰਿੰਦਰ ਕੁਮਾਰ,ਜ਼ਿਲਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਹਰਵਿੰਦਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਸਤਵਿੰਦਰ ਕੌਰ ,ਕਿਰਨਦੀਪ ਕੌਰ, ਸਤਵੰਤ ਕੌਰ ,ਰੁਪਿੰਦਰ ਕੌਰ,ਸਿਲਕੀ ਰਾਣੀ ,ਅਮਨਜੋਤ ,ਸੁਖਦੀਪ ਸਿੰਘ ,ਮਨਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵੱਲੋਂ ਵਿਦਿਆਰਥੀਆਂ ,ਉਹਨਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਛੋਲੇ ਪੂਰੀਆਂ ਦਾ ਲੰਗਰ ਵੀ ਵਰਤਾਇਆ ਗਿਆ ।


