ਸ਼ਹੀਦ ਜਗਸੀਰ ਸਿੰਘ ਦੇ ਪਰਿਵਾਰ ਨੂੰ 90 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਐਲਾਨ

ਫ਼ਿਰੋਜ਼ਪੁਰ, 9 ਜਨਵਰੀ (ਪੰਕਜ ਕੁਮਾਰ) :-ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨ ਹਮਲੇ ਵਿਚ ਸ਼ਹੀਦ ਹੋਏ 19 ਪੰਜਾਬ ਰੈਂਜੀਮੈਂਟ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਦੀ ਯਾਦ ਵਿਚ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਲੋਹਗੜ ਠਾਕਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਧਿਕਾਰੀਆਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ। ਇਸ ਸਮਾਗਮ ਵਿਚ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਲੇਫਟੀਨੈਂਟ ਜਨਰਲ (ਰਿਟਾ.) ਟੀ.ਐਸ ਸ਼ੇਰਗਿੱਲ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸ਼ਰਧਾ ਦੇ ਫ਼ੁਲ ਭੇਟ ਕੀਤੇ। ਆਪਣੇ ਸੰਬੋਧਨ ਵਿਚ ਲੈਫਟਿਨੈਂਟ ਜਨਰਲ (ਰਿਟਾ.) ਟੀ.ਐਸ ਸ਼ੇਰਗਿੱਲ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹਨ ਅਤੇ ਪੂਰੇ ਦੇਸ਼ ਨੂੰ ਸ਼ਹੀਦ ਜਗਸੀਰ ਸਿੰਘ ਵਰਗੇ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਤੇ ਮਾਣ ਹੈ।
ਉਨਾਂ ਕਿਹਾ ਕਿ ਭਾਵੇਂ ਸ਼ਹੀਦ ਜਗਸੀਰ ਸਿੰਘ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ ਪਰ ਸਰਕਾਰ ਵੱਲੋਂ ਵੱਖ-ਵੱਖ ਮੱਦਾਂ ਤਹਿਤ ਪਰਿਵਾਰ ਨੂੰ 90 ਲੱਖ ਰੁਪਏ ਦੇ ਕਰੀਬ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਤੇ ਸ਼ਹੀਦ ਦੀ ਪਤਨੀ ਨੂੰ ਉਸਦੀ ਪੂਰੀ ਤਨਖ਼ਾਹ ਦੇ ਬਰਾਬਰ ਪੈਨਸ਼ਨ, ਸਰਕਾਰੀ ਨੌਕਰੀ, ਬੱਚਿਆਂ ਦੀ ਸਮੁੱਚੀ ਪੜਾਈ ਦਾ ਖਰਚਾ, ਮਾਤਾ ਪਿਤਾ ਸਮੇਤ ਪੂਰੇ ਪਰਿਵਾਰ ਦੇ ਮੈਡੀਕਲ ਖ਼ਰਚੇ ਸਮੇਤ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਫ਼ੌਜੀ ਅਫ਼ਸਰ ਰਹੇ ਹਨ ਤੇ ਉਹ ਸ਼ਹੀਦ ਦੇ ਪਰਿਵਾਰ ਦਾ ਦਰਦ ਸਮਝਦੇ ਹਨ। ਉਨਾਂ ਕਿਹਾ ਕਿ ਪਰਿਵਾਰ ਤੇ ਪਿੰਡ ਵੱਲੋਂ ਸ਼ਹੀਦ ਦੀ ਯਾਦਗਾਰ ਲਈ ਜੋ ਵੀ ਮੰਗ ਰੱਖੀ ਜਾਵੇਗੀ ਉਹ ਹਰ ਹਾਲਤ ਵਿਚ ਪੂਰੀ ਕੀਤੀ ਜਾਵੇਗੀ ਕਿਉਂਕਿ ਇਹ ਸਰਕਾਰ ਦੀ ਡਿਊਟੀ ਹੈ। ਉਨਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਤੇ ਉਸਦੇ ਪਰਿਵਾਰ ਨੂੰ ਪੂਰੇ ਮਾਣ ਸਨਮਾਨ ਤੇ ਆਰਥਿਕ ਮਦਦ ਲਈ ਅੱਗੇ ਆਉਣ। ਉਨਾਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਮਦਦ ਦੇਣ ਸਬੰਧੀ ਸਾਰੀਆਂ ਕਾਰਵਾਈਆਂ ਖ਼ੁਦ ਸਰਕਾਰੀ ਅਧਿਕਾਰੀ ਸ਼ਹੀਦ ਦੇ ਘਰ ਆ ਕੇ ਪੂਰੀਆਂ ਕਰਨਗੇ ਤੇ ਉਨਾਂ ਨੂੰ ਕਿਸੇ ਸਰਕਾਰੀ ਦਫ਼ਤਰ ਵਿਚ ਨਹੀਂ ਜਾਣਾ ਪਵੇਗਾ। ਆਪਣੇ ਸੰਬੋਧਨ ਵਿਚ ਮੈਂਬਰ ਲੋਕ ਸਭਾ ਸ੍ਰ: ਸ਼ੇਰ ਸਿੰਘ ਘੁਬਾਇਆ, ਮੈਡਮ ਸਤਕਾਰ ਕੌਰ ਗਹਿਰੀ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਸ੍ਰ: ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ, ਸਾਬਕਾ ਵਿਧਾਇਕ ਸ੍ਰ: ਜੋਗਿੰਦਰ ਸਿੰਘ ਜਿੰਦੂ, ਭਾਜਪਾ ਆਗੂ ਸ਼੍ਰੀ ਡੀ.ਪੀ ਚੰਦਨ ਸਮੇਤ ਵੱਡੀ ਗਿਣਤੀ ਵਿਚ ਬੁਲਾਰਿਆਂ ਨੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਤੇ ਕਿਹਾ ਕਿ ਸ਼ਹੀਦ ਦਾ ਪਰਿਵਾਰ ਪੂਰੇ ਜ਼ਿਲੇ ਹੀ ਨਹੀਂ ਬਲਕਿ ਸੂਬੇ ਤੇ ਕੌਮ ਦਾ ਗੌਰਵ ਹੈ ਤੇ ਸ਼ਹੀਦ ਦੇ ਪਰਿਵਾਰ ਤੇ ਪਿੰਡ ਦੀ ਬਿਹਤਰੀ ਲਈ ਹਰ ਤਰਾਂ ਦਾ ਯੋਗਦਾਨ ਦਿੱਤਾ ਜਾਵੇਗਾ। ਡਾਇਰੈਕਟਰ ਸੈਨਿਕ ਭਲਾਈ ਪੰਜਾਬ ਬਿ੍ਰਗੇਡਿਅਰ ਜਤਿੰਦਰ ਸਿੰਘ ਅਰੋੜਾ ਅਤੇ ਸੈਨਿਕ ਭਲਾਈ ਅਫ਼ਸਰ ਕਰਨਲ (ਰਿਟਾ.) ਸ੍ਰ: ਅਮਰਬੀਰ ਸਿੰਘ ਚਾਹਲ ਨੇ ਇਸ ਮੌਕੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਨ ਵਾਲੀਆਂ ਵੱਖ-ਵੱਖ ਸਹੂਲਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਲੈਫਟਿਨੈਂਟ ਜਨਰਲ (ਰਿਟਾ.) ਟੀ.ਐਸ.ਗਿੱਲ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਮੈਡਮ ਸਤਕਾਰ ਕੌਰ ਗਹਿਰੀ ਅਤੇ ਜਥੇਦਾਰ ਜ਼ੀਰਾ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਐਕਸਗ੍ਰੇਸ਼ਿਆ ਗ੍ਰਾਂਟ ਦਾ ਚੈੱਕ ਵੀ ਤਕਸੀਮ ਕੀਤਾ ਗਿਆ। ਇਸ ਤੋਂ ਪਹਿਲਾਂ ਰਾਗੀ ਸਿੰਘਾਂ ਵੱਲੋਂ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਸ਼ਹੀਦ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹੀਦ ਜਗਸੀਰ ਸਿੰਘ ਦੇ ਪਿਤਾ ਸ੍ਰ: ਅਮਰਜੀਤ ਸਿੰਘ, ਮਾਤਾ ਸ਼੍ਰੀਮਤੀ ਗੁਰਮੀਤ ਕੌਰ, ਪਤਨੀ ਮਹਿੰਦਰਪਾਲ ਕੌਰ ਤੇ ਬੱਚਿਆਂ ਤੋਂ ਇਲਾਵਾ ਐਸ.ਐਸ.ਪੀ ਸ: ਭੁਪਿੰਦਰ ਸਿੰਘ ਸਿੱਧੂ, ਸ: ਅਵਤਾਰ ਸਿੰਘ ਮਿੰਨਾ ਸ਼੍ਰੋਮਣੀ ਕਮੇਟੀ ਮੈਂਬਰ, ਸ: ਸਤਪਾਲ ਸਿੰਘ ਤਲਵੰਡੀ, ਸ: ਦਰਸ਼ਨ ਸਿੰਘ ਸ਼ੇਰਖਾਂ, ਸ੍ਰ: ਦਰਸ਼ਨ ਸਿੰਘ ਮੋਠਾਂ ਵਾਲਾ, ਸ਼ਮਸ਼ੇਰ ਸਿੰਘ ਸ਼ੇਰਾ, ਸ਼੍ਰੀ ਰੂਪ ਲਾਲ ਵੱਤਾ, ਸ: ਪ੍ਰੇਮਪਾਲ ਢਿੱਲੋਂ ਸੁਰਸਿੰਘ ਵਾਲਾ, ਸ: ਲਖਵੀਰ ਸਿੰਘ ਗਿੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਧਾਰਮਿਕ, ਸਮਾਜਿਕ ਤੇ ਰਾਜਸੀ ਖੇਤਰ ਦੀਆਂ ਸ਼ਖਸੀਅਤਾਂ ਵੀ ਹਾਜ਼ਰ ਸਨ।


