ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ‘ਪ੍ਰਵਾਸੀ ਭਾਰਤੀ ਦਿਵਸ’ ਮਨਾਇਆ ਜਾਵੇ-ਨਸੀਬ ਬਾਵਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ

ਮੋਗਾ, 9 ਜਨਵਰੀ (ਜਸ਼ਨ)- ਭਾਰਤ ਵਿੱਚ 9 ਨਵੰਬਰ ਦਾ ਦਿਨ ‘ਪ੍ਰਵਾਸੀ ਭਾਰਤੀ ਦਿਵਸ’ ਦੇ ਤੌਰ ਤੇ ਮਨਾਇਆ ਜਾਦਾ ਹੈ ਪ੍ਰੰਤੂ ਇਹ ਦਿਨ ਜਿਨਾ ਮਹੱਤਵਪੂਰਨ ਹੈ ਉਨਾਂ ਹੀ ਇਹ ਦਿਨ ਮਨਾਉਣ ਵਿੱਚ ਸਰਕਾਰ ਲਾਪਰਵਾਹੀ ਕਰਦੀ ਹੈ । ਭਾਵੇਂ ਇਹ ਦਿਨ ਮਹਾਤਮਾ ਗਾਂਧੀ ਦੇ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਉਣ ਦੀ ਯਾਦ ਦਿਵਾਉਂਦਾ ਹੈ ਪਰ ਨਾਲ ਦੀ ਨਾਲ ਭਾਰਤ ਦੇ ਵਿਕਾਸ ਲਈ ਵਿਦੇਸ਼ੀ ਭਾਈਚਾਰੇ ਦੇ ਯੋਗਦਾਨ ਨੂੰ ਦਰਸਾਉਣ ਲਈ ਵੀ ਮਨਾਇਆ ਜਾਂਦਾ ਹੈ । ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਆਖਿਆ ਕਿ ਭਾਰਤ ਦੀ ਅਜ਼ਾਦੀ ਤੋਂ ਬਾਅਦ ਭਾਰਤ ਦੀ ਅਰਥ ਵਿਵਸਥਾ ਵਿੱਚ ਪ੍ਰਵਾਸੀ ਭਾਰਤੀਆਂ ਦਾ ਬਹੁਤ ਮਹੱਤਵ ਰਿਹਾ ਹੈ । ਉਹਨਾਂ ਕਿਹਾ ਕਿ ਭਾਰਤ ਤੋਂ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਗਏ ਸਨ ਉਨਾ ਨੇ ਸਿਰਫ ਆਪਣੇ ਪਰਿਵਾਰਾਂ ਦੀ ਆਮਦਨ ਦੇ ਵਸੀਲੇ ਹੀ ਪੈਦਾ ਨਹੀਂ ਕੀਤੇ ਸਗੋਂ ਭਾਰਤ ਦੀ ਤੱਰਕੀ ਵਿੱਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ । ਉਨਾਂ ਲੋਕਾਂ ਨੂੰ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਪੰਜਾਬ ਅਤੇ ਭਾਰਤ ਦੀ ਤੱਰਕੀ ਦਾ ਹਮੇਸ਼ਾ ਫਿਕਰ ਰਹਿੰਦੀ ਹੈ । ਬਾਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਬਤੌਰ ਕੌਸਲਰ, ਬਤੌਰ ਮਨਿਸਟਰ ਅਤੇ ਪ੍ਰਸਾਸ਼ਨ ਵਿੱਚ ਆਪਣੀ ਵਿਸ਼ੇਸ਼ ਜਗਾ ਬਣਾ ਕੇ ਜੱਜਾਂ ਤੱਕ ਦੇ ਅਹੁਦੇ ਪ੍ਰਾਪਤ ਕੀਤੇ ਹਨ । ਨਸੀਬ ਬਾਵਾ ਨੇ ਆਖਿਆ ਕਿ ਜਦੋਂ ਕੋਈ ਪੰਜਾਬੀ ਵਿਦੇਸ਼ਾਂ ਵਿੱਚ ਜਾਂਦਾ ਹੈ ਤਾਂ ਪ੍ਰਵਾਸੀ ਲੋਕ ਉਹਨਾਂ ਨੂੰ ਮੋਢਿਆਂ ਤੇ ਚੁੱਕ ਕੇ ਮਾਣ ਸਤਿਕਾਰ ਦਿੰਦੇ  ਹਨ ਪ੍ਰੰਤੂ ਜਦੋਂ ਉਹ ਲੋਕ ਪੰਜਾਬ ਵਿੱਚ ਆਉਦੇ ਹਨ ਤਾਂ ਉਨਾਂ ਨੂੰ ਉਹ ਸਨਮਾਨ ਨਹੀਂ ਮਿਲਦਾ ਜਿਸਦੇ ਉਹ ਹੱਕਦਾਰ ਹਨ । ਪ੍ਰਵਾਸੀ ਭਾਰਤੀਆਂ ਦੇ ਹੱਕਾਂ ਅਤੇ ਉਹਨਾਂ ਦੇ ਸਨਮਾਨ ਲਈ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਜਿਲੇ ਵਿੱਚ ਐਨ.ਆਰ.ਆਈ. ਭਵਨ ਬਣਾਏ ਜਾਣ ਅਤੇ 9 ਜਨਵਰੀ ਨੂੰ ਜ਼ਿਲਾ ਪੱਧਰੀ ਸਮਾਗਮ ਕਰਕੇ ਐਨ.ਆਰ.ਆਈ. ਭਰਾਵਾਂ ਦਾ ਸਨਮਾਨ ਕੀਤਾ ਜਾਵੇ ਜਿਨਾਂ ਨੇ ਪੰਜਾਬ ਦੀ ਤੱਰਕੀ ਲਈ ਆਪਣਾ ਯੋਗਦਾਨ ਪਾਇਆ ਹੈ । ਬਾਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਿਦੇਸ਼ੀ ਕੰਪਨੀਆਂ ਨੂੰ ਤਰਜੀਹ ਦੇ ਕੇ ਵੱਡੇ ਵੱਡੇ ਪ੍ਰੋਜੈਕਟ ਲਗਾ ਰਹੀ ਹੈ ਜਿਸ ਨਾਲ ਸਾਡੇ ਦੇਸ਼ ਦਾ ਵੱਡਾ ਸਰਮਾਇਆ ਵਿਦੇਸ਼ਾਂ ਨੂੰ ਜਾਂਦਾ ਹੈ, ਚੰਗਾ ਇਹ ਹੋਵੇਗਾ ਕਿ ਜੇਕਰ ਸਰਕਾਰਾਂ ਇਹ ਪ੍ਰੋਜੈਕਟ ਐਨ.ਆਰ.ਆਈਜ਼ ਭਾਰਾਵਾਂ ਨੂੰ ਦੇਣ ਤਾਂ ਕਿ ਭਾਰਤ ਦਾ ਪੈਸਾ ਇੱਥੇ ਹੀ ਰਹੇ ਅਤੇ ਇਹ ਪੈਸਾ ਅੱਗੇ ਨਿਵੇਸ਼ ਕਰਨ ਦੇ ਕੰਮ ਆਵੇ ।