ਪੁਲਿਸ ਨੇ ਚੋਰੀ ਦੇ 10 ਮੋਟਰਸਾਇਕਲ ਸਮੇਤ 3 ਚੋਰਾਂ ਨੂੰ ਕੀਤਾ ਕਾਬੂ

ਫਿਰੋਜ਼ਪੁਰ,12 ਜਨਵਰੀ (ਜਸ਼ਨ)- ਜ਼ਿਲਾ ਫਿਰੋਜ਼ਪੁਰ ਵਿੱਚ ਪਿਛਲੇ ਕੁੱਝ ਸਮੇਂ ਤੋਂ ਮੋਟਰਸਾਇਕਲ ਚੋਰੀ ਦੀ ਵਾਰਦਾਤਾਂ ਵਧਣ ਲੱਗ ਪਈਆਂ ਸੀ ਜਿਸਦੇ ਚੱਲਦਿਆਂ ਜਿਥੇ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਥੇ ਹੀ ਪੁਲਿਸ ਦੀਆਂ ਮੁਸਕਲਾਂ ਵੀ ਵਧ ਗਈਆਂ ਸਨ। ਜਿਲੇ ਦੇ ਐਸ ਐਸ ਪੀ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਮਲ ਕਰਦਿਆਂ ਪੁਲਿਸ ਵੱਲੋਂ ਚੋਰਾਂ ਨੂੰ ਫੜਨ ਲਈ ਸ਼ਹਿਰ ਵਿੱਚ ਜਗਾ ਜਗਾ ਨਾਕੇਬੰਦੀ ਅਤੇ ਛਾਪੇਮਾਰੀ ਕਰਦਿਆਂ ਪਿਛਲੇ ਕੁੱਝ ਸਮੇਂ ਵਿਚ ਚੋਰਾਂ ਨੂੰ ਫੜਨ ’ਚ ਕਾਮਯਾਬੀ ਹਾਸਲ ਕੀਤੀ ਹੈ । ਫਿਰੋਜ਼ਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਚੋਰੀ ਦੇ 2 ਮੋਟਰਸਾਈਕਲਾਂ ਸਮੇਤ 3 ਚੋਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ । ਜਿਨਾਂ ਦੀ ਪੁੱਛਗਿਛ ਤੋਂ ਬਾਅਦ ਪੁਲਿਸ ਨੇ ਚੋਰੀ ਦੇ 8 ਮੋਟਰਸਾਇਕਲ ਹੋਰ ਬਰਾਮਦ ਕੀਤੇ। ਉਧਰ ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਫੜੇ ਗਏ 3 ਚੋਰਾਂ ਦੀ ਪੁਸ਼ਟੀ ਕਰਦਿਆਂ ਹੋਏ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੇਕਟਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐੱਸ .ਆਈ ਗੁਰਚਰਨ ਸਿੰਘ ਸਮੇਤ ਸੀ.ਆਈ.ਏ ਸਟਾਫ ਦੀ ਪੁਲਿਸ ਅਤੇ ਏ.ਐਸ.ਆਈ ਜਸਪਾਲ ਸਿੰਘ ਥਾਣਾ ਸਿਟੀ ਦੁਆਰਾ ਫਿਰੋਜ਼ਪੁਰ ਸ਼ਹਿਰ ਦੇ ਉਧਮ ਸਿੰਘ ਚੌਂਕ ‘ਤੇ ਨਾਕਾ ਲਗਾਕੇ ਮਾੜੇ ਅਨਸਰਾਂ ਨੂੰ ਫੜਨ ਲਈ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਪੁਲਿਸ ਨੇ ਦੋ ਮੋਟਰਸਾਈਕਲਾਂ ਨੂੰ ਰੋਕਿਆ ਜੋ ਕਿ ਚੋਰੀ ਦੇ ਪਾਏ ਗਏ ਸਨ ਜਿਸਦੇ ਮਗਰੋਂ ਪੁਲਿਸ ਨੇ ਦੋਨਾਂ ਮੋਟਰਸਾਈਕਲ ਉੱਤੇ ਸਵਾਰ ਤਿੰਨ ਚੋਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਸਖਤੀ ਨਾਲ ਪੁੱਛਗਿਛ ਕੀਤੀ ਜਿਸਦੇ ਮਗਰੋਂ ਪਕੜੇ ਗਏ ਚੋਰਾਂ ਕੋਲੋਂ ਚੋਰੀ ਦੇ 8 ਮੋਟਰਸਾਈਕਲ ਹੋਰ ਬਰਾਮਦ ਹੋਏ ਅਤੇ ਉਹਨਾਂ ਕੋਲੋਂ ਕੁਲ 10 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ । ਉਨਾਂ ਇਹ ਵੀ ਦੱਸਿਆ ਕੇ ਪਕੜੇ ਗਏ 2 ਚੋਰ ਫਿਰੋਜ਼ਪੁਰ ਜਿਲੇ ਦੇ ਪਿੰਡ ਲੇਲੀ ਵਾਲਾ ਦੇ ਰਹਿਣ ਵਾਲੇ ਹਨ ਜਦਕਿ ਇੱਕ ਚੋਰ ਪਿੰਡ ਪੱਲਾ ਮੇਘਾ ਦਾ ਰਹਿਣ ਵਾਲਾ ਹੈ ਜਿਨਾਂ ਵਿਚੋਂ ਤਰਸੇਮ ਅਤੇ ਕਵਲਜੀਤ ਉੱਤੇ ਪਹਿਲਾਂ ਵੀ ਵੱਖ ਵੱਖ ਥਾਵਾਂ ’ਤੇ ਕੁੱਲ 6 ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


