‘ਸਿੱਖੀ ਦਾ ਬੂਟਾ’,‘ਪਾਲੀ ਪਾਣੀ ਖੂਹ ਤੋਂ ਭਰੇ’ ਵਰਗੇ ਅਮਰ ਗੀਤਾਂ ਦਾ ਗਾਇਕ ਗੁਰਪਾਲ ਸਿੰਘ ਪਾਲ ਨਹੀਂ ਰਿਹਾ

ਕੋਟਕਪੂਰਾ,29 ਨਵੰਬਰ (ਤੇਜਿੰਦਰ ਸਿੰਘ ਜਸ਼ਨ/ਮਨਪ੍ਰੀਤ ਬੁਰਜ)- ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਪਾਲ ਸਿੰਘ ਪਾਲ ਨਹੀਂ ਰਿਹਾ । 83 ਵਰਿਆਂ ਦੇ ਗੁਰਪਾਲ ਸਿੰਘ ਪਾਲ ਨੇ ਅੱਜ ਕੋਟਕਪੂਰਾ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ । ਹੁਣ ਗਾਇਕੀ ਵਿਚ ਸੱਭਿਆਚਾਰ ਦਾ ਮਾਹੌਲ ਸਿਰਜਣ ਵਾਲੇ ਗੁਰਪਾਲ ਸਿੰਘ ਪਾਲ ਦੀ ਤੂੰਬੀ ਦੀ ਟਣਕਾਰ ਕਦੇ ਵੀ ਸਰੋਤਿਆਂ ਨੂੰ ਮੰਤਰ ਮੁਗਧ ਨਹੀਂ ਕਰੇਗੀ। ਹਾਂ ਪੰਜਾਬੀਓ ! ਗੁਰਪਾਲ ਸਿੰਘ ਪਾਲ ਨੂੰ ਪੰਜਾਬ ਦਾ ਹਰ ਬਸ਼ਿੰਦਾ ਭਲੀ ਭਾਂਤ ਜਾਣਦਾ ਹੈ । 250 ਦੇ ਕਰੀਬ ਪੰਜਾਬੀ ਗੀਤ ਰਿਕਾਰਡ ਕਰਵਾਉਣ ਵਾਲੇ ਗੁਰਪਾਲ ਸਿੰਘ ਪਾਲ ਦੇ ਗੀਤ ‘ਸਿੱਖੀ ਦਾ ਬੂਟਾ’ ,‘ਪਾਲੀ ਪਾਣੀ ਖੂਹ ਤੋਂ ਭਰੇ’, ‘ਅੰਬੀ ਦਾ ਬੂਟਾ’, ਅਤੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ, ਅੰਤ ਸਮੇਂ ਤੱਕ ਗੁਰਪਾਲ ਸਿੰਘ ਪਾਲ ਦੇ ਮੂੰਹੋਂ ਸੁਣਨ ਲਈ ਸਰੋਤੇ ਮੰਗ ਕਰਦੇ ਰਹੇ ,ਬੇਸ਼ੱਕ ਕੱਚਘਰੜ ਗਾਇਕਾਂ ਨੇ ਪੈਸੇ ਅਤੇ ਸ਼ੋਰ ਸ਼ਰਾਬੇ ਵਾਲੇ ਸੰਗੀਤ ਦੇ ਜ਼ੋਰ ’ਤੇ ਸੱਭਿਅਕ ਗਾਇਕੀ ਨੂੰ ਤਕੜਾ ਖੋਰਾ ਲਾਇਆ ਪਰ ਪਾਲੀ ਦਾ ਨਾਮ ਪੰਜਾਬੀ ਦਿਲਾਂ ਵਿਚੋਂ ਨਾ ਕਦੇ ਮੱਦਮ ਪਿਆ ਸੀ ਤੇ ਨਾ ਪਵੇਗਾ। ਪਾਲੀ ਜੋ ਗਾਉਂਦਾ ਉਹ ਅਖਾੜਿਆਂ ਵਿਚ ਬੈਠ ਕੇ ਉਸ ਨੂੰ ਸੁਣਨ ਵਾਲਿਆਂ ਦੀਆਂ ਅੱਖਾਂ ਸਾਹਮਣੇ ਚਿੱਤਰਿਆ ਜਾਂਦਾ ਤੇ ਸਰੋਤੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਦਾਦੀ ਦੀ ਲੋਰੀ ਵਾਂਗ ਪਾਲੀ ਨੇ ਕਦੋਂ ਗੀਤ ਦੇ ਅੰਤਰੇ ਮੁਕਾ ਦਿੱਤੇ । ਜਿਹਨਾਂ ਨੇ ਬਚਪਨ ਜਾਂ ਜਵਾਨੀ ਵਿਚ ਪਾਲੀ ਦਾ ਗੀਤ ਸਿੱਖੀ ਦਾ ਬੂਟਾ ਸੁਣਿਆ ਹੋਵੇਗਾ ਉਹਨਾਂ ਨੂੰ ਅੱਜ ਵੀ ਯਾਦ ਹੈ ਕਿ ਸਰੋਤੇ ਇਹੀ ਗੀਤ ਵਾਰ ਵਾਰ ਸੁਣਨ ਦੀ ਫਰਮਾਇਸ਼ ਕਰਿਆ ਕਰਦੇ ਸਨ ਤੇ ਪਾਲੀ ਕਦੇ ਵੀ ਉਹਨਾਂ ਦਾ ਦਿਲ ਨਹਂੀ ਸੀ ਤੋੜਦਾ। ਪਾਲੀ ਨੂੰ ਪੰਜਾਬੀਆਂ ਨੇ ਰੱਜ ਕੇ ਸੁਣਿਆ ਤੇ ਰੱਜ ਕੇ ਦਾਦ ਦਿੱਤੀ ਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ ,ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਰਤਸਰ,ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲਾ ਲੁਧਿਆਣਾ ਅਤੇ ਪੰਜਾਬ ਦੀਆਂ ਅਨੇਕਾਂ ਨਾਮਵਰ ਸੰਸਥਾਵਾਂ ਵੱਲੋਂ ਗੁਰਪਾਲ ਸਿੰਘ ਪਾਲ ਨੂੰ ਸਮੇਂ ਸਮੇਂ ’ਤੇ ਸਨਮਾਨਿਤ ਕੀਤਾ ਗਿਆ। ਗੁਰਪਾਲ ਸਿੰਘ ਪਾਲ ਦਾ ਪਿਛੋਕੜ ਲੁਧਿਆਣਾ ਜ਼ਿਲੇ ਦੇ ਪਿੰਡ ਕਨੇਚ ਨਾਲ ਜਾ ਜੁੜਦਾ ਹੈ। ਨਹਿਰੀ ਵਿਭਾਗ ਵਿਚ ਤਾਰਬਾਬੂ ਦੀ ਨੌਕਰੀ ਕਰਦਿਆਂ ਬਾਜੇਖਾਨੇ ਜੇ ਬੀ ਟੀ ਕੀਤੀ ਪਰ ਅਧਿਆਪਕ ਬਣਨ ਦੀ ਬਜਾਏ ਧੁਰ ਅੰਦਰੋਂ ਉੱਠਦੇ ਸੰਗੀਤ ਨੇ ਪਾਲੀ ਨੂੰ ਸੱਭਿਆਚਾਰਕ ਗਾਇਕੀ ਦਾ ਪਾਲਣਹਾਰ ਬਣਾ ਦਿੱਤਾ ਤੇ ਸਦਾ ਲਈ ਕੋਟਕਪੂਰੇ ਵੱਸ ਗਿਆ। ਜਦੋਂ ਟੀਵੀ ਦਾ ਮੁੱਢਲਾ ਦੌਰ ਸੀ , ਤਵਿਆਂ ਵਾਲੀਆਂ ਮਸ਼ੀਨਾਂ ਅਤੇ ਅਖਾੜਿਆਂ ਦੇ ਨਾਲ ਨਾਲ ਵਿਆਹਾਂ ਵਿਚ ਮੰਜੇ ਜੋੜ ਕੇ ਸਪੀਕਰ ਲੱਗਦੇ ਸਨ ਉਦੋਂ ਸੋਸ਼ਲ ਮੀਡੀਆ ਨਾਂ ਦੀ ਬਲਾ ਪੰਜਾਬੀਆਂ ਨੂੰ ਨਹੀਂ ਸੀ ਚਿੰਬੜੀ ,ਉਦੋਂ ਕਈ ਕਈ ਮੀਲ ਲੋਕ ਸਫਰ ਤੈਅ ਕਰਕੇ ਗੁਰਪਾਲ ਸਿੰਘ ਪਾਲ ਦੇ ਅਖਾੜੇ ਸੁਣਨ ਜਾਇਆ ਕਰਦੇ ਸਨ। ਅੱਜ ਜਦੋਂ ਪਾਲੀ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ ਤਾਂ ਹਰ ਪੰਜਾਬੀ ਉਨਾਂ ਹੀ ਉਦਾਸ ਹੈ ਜਿਨਾਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਜਾਣ ’ਤੇ ਹੋਇਆ ਸੀ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਇਸ ਦੁੱਖ ਦੀ ਘੜੀ ਵਿਚ ਪਾਲੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਲੱਚਰ ਗਾਇਕੀ ਅਤੇ ਹਥਿਆਰਾਂ ਵਾਲੀ ਹਿੰਸਾਤਮਕ ਪਹੰੁਚ ਵਾਲੀ ਗਾਇਕੀ ਨੂੰ ਸੁਣਨ ਦੀ ਬਜਾਏ ਮਿੱਠੇ ਸ਼ਹਿਦ ਵਰਗੀ ਸੱਭਿਅਕ ਗਾਇਕੀ ਅਤੇ ਇਸ ਨੂੰ ਪ੍ਰਣਾਏ ਗਾਇਕਾਂ ਦਾ ਸਤਿਕਾਰ ਕਰੀਏ ।
ਗੁਰਪਾਲ ਸਿੰਘ ਪਾਲ ਦੇ ਗੀਤ ‘ਸਿੱਖੀ ਦਾ ਬੂਟਾ’ਦਾ ਵੀਡੀਓ ਦੇਖਣ ਲਈ ਹੇਠ ਦਿੱਤੇ ਿਕ ਨੂੰ ਕਲਿੱਕ ਕਰੋ ।


