ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿੱਤ ਹੈ ਸੁਤੰਤਰਤਾ ਦਿਵਸ: ਡਾ. ਹਰਜੋਤ ਕਮਲ

* 71ਵੇਂ ਸੁਤੰਤਰਤਾ ਦਿਵਸ ਦੀਆਂ ਵਿਧਾਇਕ ਡਾ. ਹਰਜੋਤ ਨੇ ਦਿੱਤੀਆਂ ਮੁਬਾਰਕਾਂ
ਮੋਗਾ, 14 ਅਗਸਤ (ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਨੇ 71ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕਾਮਨਾ ਕੀਤੀ ਕਿ ਭਾਰਤ ਦੇਸ਼ ਪੂਰੀ ਦੁਨੀਆਂ ਵਿੱਚ ਖੂਬ ਤਰੱਕੀ ਕਰੇ ਅਤੇ ਉੱਚੀਆਂ ਮੰਜਿਲਾ ਨੂੰ ਸਰ ਕਰੇ। ਡਾ. ਹਰਜੋਤ ਨੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਹੀ ਉਨਾਂ ਸ਼ਹੀਦਾਂ, ਸੁਤੰਤਰਤਾ ਸੈਨਾਨੀਆਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸ਼ਹੀਦਾ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਕਿਹਾ ਕਿ ਇਹ ਦਿਨ ਉਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਮਰਪਿੱਤ ਹੈ, ਜਿਨਾਂ ਨੇ ਕਦੇ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀ, ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਉਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡਾ ਪਹਿਲਾ ਫ਼ਰਜ ਹੈ, ਇਹੀ ਸਾਡੀ ਉਨਾਂ ਸ਼ਹੀਦਾ ਨੂੰ ਸੱਚੀ ਸਰਧਾਂਜਲੀ ਹੋਵੇਗੀ। ਡਾ. ਹਰਜੋਤ ਨੇ ਕਿਹਾ ਕਿ ਅੱਜ ਦਾ ਦਿਨ ਉਨਾਂ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਨ ਦੇ ਨਾਲ ਨਾਲ ਦੇਸ਼ ਦੀ ਰੱਖਿਆ ਲਈ ਹਰ ਵੇਲੇ ਤੈਨਾਤ ਭਾਰਤੀ ਫੌਜ ਦੇ ਜਵਾਨਾਂ ਦੇ ਸਨਮਾਨ ਦਾ ਦਿਨ ਹੈ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰੱਖਿਆ ਕਰਦੇ ਹਨ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕਰਨੇ ਚਾਹੀਦੇ ਹਨ। ਡਾ. ਹਰਜੋਤ ਨੇ ਕਿਹਾ ਕਿ ਸੁਤੰਤਰਤਾ ਦਿਵਸ ਸਮਾਰੋਹ ਦੀਆਂ ਤਿਆਰੀਆਂ ਵਿੱਚ ਲੱਗੇ ਸਾਰੇ ਹੀ ਵਿਦਿਆਰਥੀ ਪ੍ਰਸ਼ੰਸਾਯੋਗ ਹਨ, ਜੋ ਆਪਣੇ ਦੇਸ਼ ਪ੍ਰੇਮ ਦਾ ਜਜ਼ਬਾ ਦਿਲ ਵਿੱਚ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਖ਼ਤ ਮਿਹਨਤ ਕਰਕੇ ਤਿਆਰੀਆਂ ਕਰ ਰਹੇ ਹਨ, ਡਾ. ਹਰਜੋਤ ਨੇ ਕਿਹਾ ਕਿ ਅਜਿਹੇ ਸਮਾਰੋਹਾਂ ਰਾਹੀ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਵਿੱਚ ਮਿਲਵਰਤਣ ਅਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਅਤੇ ਬੱਚਿਆਂ ਨੂੰ ਦੇਸ਼ ਦੇ ਵੱਖ ਵੱਖ ਸੱਭਿਆਚਾਰ ਨੂੰ ਨੇੜਿਉ ਦੇਖਣ ਦਾ ਮੌਕਾ ਮਿਲਦਾ ਹੈ।


