ਮੋਗਾ 'ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਦੋ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ,ਗੈਂਗਸਟਰ ਗਰੁੱਪ ਨੇ ਲਈ ਜੁੰਮੇਵਾਰੀ,ਪੁਲਿਸ ਤਫਤੀਸ਼ ਜਾਰੀ

Tags: 

ਮੋਗਾ, 10 ਫ਼ਰਵਰੀ  ( ਲਛਮਣਜੀਤ ਸਿੰਘ ਪੁਰਬਾ ) ਮੋਗਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਜ਼ੀਰਾ ਰੋਡ 'ਤੇ ਤਾਬੜਤੋੜ ਗੋਲ਼ੀਆਂ ਚੱਲੀਆਂ ਹਨ। 3 ਬਾਈਕ ਸਵਾਰ ਵਿਅਕਤੀਆਂ ਨੇ ਮਜ਼ਦੂਰਾਂ ਦੇ ਸਮੂੰਹ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿਚ ਦੋ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। 2 ਮਜ਼ਦੂਰਾਂ ਦੇ ਪੈਰਾਂ ਵਿਚ ਗੋਲ਼ੀਆਂ ਲੱਗੀਆਂ ਹਨ। 

ਦੱਸਿਆ ਜਾ ਰਿਹਾ ਹੈ ਜ਼ਖ਼ਮੀ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਹਨ, ਜੋਕਿ ਮੋਗਾ ਦੀ ਮਸਾਲਾ ਫੈਕਟਰੀ ਵਿਚ ਕੰਮ ਕਰਦੇ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੱਲੇਦਾਰੀ ਦਾ ਕੰਮ ਕਰਨ ਵਾਲੇ ਕੁਝ ਮਜ਼ਦੂਰ ਰੋਟੀ ਖਾਣ ਤੋਂ ਬਾਅਦ ਆਪਣੇ ਘਰਾਂ ਵੱਲ ਜਾ ਰਹੇ ਸਨ ਕਿ ਅਚਾਨਕ ਤਿੰਨ ਬਾਈਕ ਸਵਾਰ ਨੌਜਵਾਨ ਉੱਥੇ ਆ ਪਹੁੰਚੇ ਅਤੇ ਬਿਨ੍ਹਾਂ ਕਿਸੇ ਚਿਤਾਵਨੀ ਦੇ ਉਨ੍ਹਾਂ ਵੱਲੋਂ ਮਜ਼ਦੂਰਾਂ ‘ਤੇ ਗੋਲ਼ੀਆਂ ਚਲਾਈਆਂ ਗਈਆਂ।
ਇਸ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੇ ਪੈਰਾਂ ਵਿੱਚ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਸਬੋਧ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਚਾਰ ਹਵਾਈ ਫਾਇਰ ਵੀ ਕੀਤੇ ਗਏ, ਜਿਸ ਨਾਲ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਸ ਘਟਨਾ ਤੋਂ ਚਿੰਤਤ ਸ਼ਹਿਰਵਾਸੀਆਂ ਦਾ ਆਖਣਾ ਹੈ ਕਿ ਭਾਵੇਂ ਇਸ ਘਟਨਾ ਦੀ ਜ਼ੁੰਮੇਵਾਰੀ ਗੈਂਗਸਟਰਾਂ ਦੇ ਇਕ ਗਰੁੱਪ ਵਲੋਂ ਲਈ ਗਈ ਦੱਸੀ ਜਾਂਦੀ ਹੈ ਪਰ ਪੁਲਿਸ ਦੇ ਤਫਤੀਸ਼ ਤੋਂ ਬਾਅਦ ਹੀ ਜ਼ਾਹਰ ਹੋ ਸਕੇਗਾ ਕਿ ਇਸ ਘਟਨਾ ਪਿੱਛੇ ਕੁਝ ਵਿਅਕਤੀਆਂ ਵਲੋਂ ਪ੍ਰਵਾਸੀਆਂ ਖਿਲਾਫ ਚਲਾਈ ਜਾ  ਰਹੀ ਮੁਹਿੰਮ ਵਾਲੀ ਭਾਵਨਾ ਹੈ ਜਾਂ ਫਿਰ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਤਾਕਤਾਂ, ਸਾਜਿਸ਼ਨ  ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਨੇ ।