ਮੁੱਖ ਮੰਤਰੀ ਵੱਲੋਂ ਸੂਬੇ ਦੇ ਬਜਟ ਦੀ ਸ਼ਲਾਘਾ,ਬਜਟ ਨੂੰ ਲੋਕ ਪੱਖੀ ਅਤੇ ਸਭਨਾਂ ਖੇਤਰਾਂ ਦੇ ਵਿਕਾਸ ਉੱਤੇ ਕੇਂਦਰਿਤ ਦੱਸਿਆ

ਚੰਡੀਗੜ੍ਹ 24 ਮਾਰਚ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2018-19 ਦੇ ਸੂਬਾਈ ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਇਕ ਮੀਲ ਦਾ ਪੱਥਰ ਅਤੇ ਵੱਖ-ਵੱਖ ਸੈਕਟਰਾਂ ਦੇ ਵਿਕਾਸ ਤੇ ਵਾਧੇ ਉੱਤੇ ਕੇਂਦਰਤ ਦੱਸਿਆ ਹੈ। ੳਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਬਜਟ ਸੂਬੇ ਨੂੰ ਉੱਚ ਵਿਕਾਸ ਦੇ ਰਾਹ ’ਤੇ ਤੋਰੇਗਾ। ਬਜਟ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਬਿਆਨਾਂ ਨੂੰ ਗੁੰਮਰਾਹਕੰੁਨ ਅਤੇ ਬੇਲੋੜੇ ਦੱਸਦੇ ਹੋਏ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਜਟ ਸੂਬੇ ਨੂੰ ਵਾਪਸ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਤੇ ਲਿਆਵੇਗਾ ਜਿਸ ਨੂੰ ਪਿਛਲੀ ਸਰਕਾਰ  ਸਰਕਾਰ  ਨੇ ਵਿੱਤੀ ਗੜਬੜੀਆਂ ਨਾਲ ਸੰਕਟ ਵਿਚ ਪਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਅਤੇ ਭਾਜਪਾਈਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਿਛਲੇ ਇਕ ਦਹਾਕੇ ਦੇ ਕੁਸ਼ਾਸਨ ਦੌਰਾਨ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਪੱਖ ਤੋਂ ਕੀਤੀ ਇੱਕ ਗਿਣਨਯੋਗ ਪ੍ਰਾਪਤੀ ਦੱਸਣ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੀਆਂ ਗਲਤ ਨੀਤੀਆਂ ਨਾਲ ਸੂਬੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਬਜਟ ਨਾ ਕੇਵਲ ਅਗਾਂਹਵਧੂ, ਸੰਤੁਲਿਤ ਅਤੇ ਲੋਕ-ਪੱਖੀ ਹੈ ਸਗੋਂ ਇਸ ਨੇ ਲੀਹੋਂ ਲੱਥ ਚੁੱਕੀ ਆਰਥਿਕਤਾ ਨੂੰ ਮੁੜ ਪਟੜੀ ਉੱਤੇ ਲਿਆਉਣ ਲਈ ਇਕ ਖਾਕਾ ਵੀ ਮੁਹੱਈਆ ਕਰਾਇਆ ਹੈ ਤਾਂ ਜੋ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਬਜਟ ਵਿਚ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ, ਰੁਜ਼ਗਾਰ ਪੈਦਾ ਕਰਨ ਅਤੇ ਇਨ੍ਹਾਂ ਤੋਂ ਇਲਾਵਾ ਥੁੜਾਂ ਮਾਰੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਵਰਗੇ ਸਾਰੇ ਖੇਤਰਾਂ ’ਤੇ ਬਣਦਾ ਧਿਆਨ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਪਿਛਲੇ ਸਾਲ ਪੇਸ਼ ਕੀਤੇ ਪਹਿਲੇ ਬਜਟ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਐਫ.ਆਰ.ਬੀ.ਐਮ. ਐਕਟ 2003 ਦੀਆਂ ਵਿਵਸਥਾਵਾਂ ਹੇਠ ਵਿੱਤੀ ਅਨੁਸਾਸ਼ਨ ਨੂੰ ਬਹਾਲ ਕਰਨ ਵਾਸਤੇ ਲੰਬੀ ਮਿਆਦ ਦੀ ਸ਼ਾਨਦਾਰ ਯੋਜਨਾਬੰਦੀ ਕੀਤੀ ਗਈ ਸੀ ਜਿਸ ਦੀ ਬਦੋਲਤ ਸੂਬੇ ਦੀ ਵਿੱਤੀ ਸਿਹਤ ਵਿਚ ਸੁਧਾਰ ਹੋਇਆ ਹੈ ਕਿਉਂਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਇਸ ਐਕਟ ਦੀ ਉਲੰਘਣਾ ਕੀਤੀ ਸੀ।  ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਇਸ ਸਾਲ ਦਾ ਵਿਕਾਸ ਮੁਖੀ ਬਜਟ ਸੂਬੇ ਨੂੰ ਹੋਰ ਅੱਗੇ ਲੈ ਕੇ ਜਾਵੇਗਾ ਅਤੇ ਇਸ ਨਾਲ ਸੂਬਾ ਵਿੱਤੀ ਪੱਖ ਤੋਂ ਮਜ਼ਬੂੂਤ ਬਣੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੁੱਕੇ ਗਏ ਕਦਮਾਂ ਨਾਲ ਸੂਬੇ ਦੀ ਵਿੱਤੀ ਸਿਹਤ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ 14ਵੇਂ ਵਿੱਤੀ ਕਮਿਸ਼ਨ ਵੱਲੋਂ ਸਾਰੇ ਸੂਬਿਆਂ ਲਈ ਲਾਜ਼ਮੀ ਬਣਾਏ ਗਏ ਵਿੱਤੀ ਮਜ਼ਬੂਤੀ ਦੇ ਟੀਚੇ ਦੀ ਪ੍ਰਾਪਤੀ ਲਈ ਇਹ ਬਜਟ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਇਹ ਸੂਬੇ ਨੂੰ ਉੱਚ ਵਿਕਾਸ ਦੇ ਰਾਹ ਤੋਰੇਗਾ।