‘ਆਪ’ ਸਰਕਾਰ ’ਚ ਜਦੋਂ ਵੀ ਲੋਕਾਂ ਨੇ ਆਪਣੇ ਹੱਕਾਂ ਲਈ ਅਵਾਜ ਉਠਾਈ ਤਾਂ ਉਨ੍ਹਾਂ ’ਤੇ ਡੰਡੇ ਬਰਸਾਏ : ਮਾਲਵਿਕਾ ਸੂਦ

ਪਟਿਆਲਾ ਪਾਵਰਕਾਮ ਦਫ਼ਤਰ ਅੱਗੇ ਅਪ੍ਰੈਟਿਸਾਂ ’ਤੇ ਹੋਏ ਲਾਠੀਚਾਰਜ ਦੀ ਕੀਤੀਂ ਤਿੱਖੀ ਨਿੰਦਾ
ਮੋਗਾ, 8 ਜੂਨ (GURJANT SINGH ) ਪਟਿਆਲਾ ਵਿਚ ਪਾਵਰਕਾਮ ਦਫ਼ਤਰ ਅੱਗੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਅਪ੍ਰੈਟਿਸਾਂ ’ਤੇ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਇਸ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਦੱਸਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਤਈ ਬਰਦਾਸ਼ਤਯੋਗ ਨਹੀਂ। ਮਾਲਵਿਕਾ ਸੂਦ ਨੇ ਦੋਸ਼ ਲਗਾਇਆ ਕਿ ਲਾਠੀਚਾਰਜ ਦੌਰਾਨ ਪੁਲਸ ਵੱਲੋਂ ਅਪ੍ਰੈਟਿਸਾਂ ਨੂੰ ਧੱਕੇ ਮਾਰ ਕੇ ਅਤੇ ਧੂਹ-ਧੂਹ ਕੇ ਕੁੱਟਿਆ ਗਿਆ, ਜਿਸ ਕਾਰਨ ਕਈ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋਏ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸੂਬਾ ਸਰਕਾਰ ਦੀ ਸ਼ਹਿ ’ਤੇ ਕੀਤੀ ਗਈ ਹੈ, ਜੋ ਕਿ ਲੋਕਤੰਤਰ ਦੇ ਮੁੱਲਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਜਦੋਂ ਵੀ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ’ਤੇ ਡੰਡੇ ਵਰਸਾਏ ਜਾਂਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮਾਲਵਿਕਾ ਸੂਦ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ, ਲੁੱਟਾਂ-ਖੋਹਾਂ, ਫ਼ਿਰੌਤੀਆਂ ਅਤੇ ਬੇਗੁਨਾਹ ਲੋਕਾਂ ਦੇ ਕਤਲਾਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਆਮ ਜਨਤਾ ਡਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਹੁਣ ਆਪਣੇ ਹੱਕ ਮੰਗਣ ਵਾਲਿਆਂ ਨੂੰ ਵੀ ਜ਼ਬਰਦਸਤੀ ਚੁੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀ ਆਈ ਹੈ ਅਤੇ ਅੱਗੇ ਵੀ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਕਾਂਗਰਸ ਪਾਰਟੀ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਅੰਤ ਵਿਚ ਮਾਲਵਿਕਾ ਸੂਦ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਉਸਦੇ ਕੰਮਾਂ ਦਾ ਕਰਾਰਾ ਜਵਾਬ ਦੇਣਗੇ ਅਤੇ ਲੋਕਤੰਤਰ ਦੀ ਰੱਖਿਆ ਕਰਨਗੇ।


