ਸ. ਮਲਕੀਤ ਸਿੰਘ ਸਿੱਧੂ ਯਾਦਗਾਰੀ ਚੈਪੀਅਨਸ਼ਿਪ ਟਰਾਫ਼ੀ ਹਾਕੀ ਟੂਰਨਾਮੈਂਟ ਸ਼ੁਰੂ

ਮੋਗਾ 8 ਦਸੰਬਰ: (ਜਸ਼ਨ)  :ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹ,ੈ ਤਾਂ ਜੋ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਅੱਜ ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ. ਮਲਕੀਤ ਸਿੰਘ ਸਿੱਧੂ ਯਾਦਗਾਰੀ ਸਪੋਰਟਸ ਅਤੇ ਸਮਾਜ ਭਲਾਈ ਟਰੱਸਟ ਵੱਲੋਂ ਆਯੋਜਿਤ 21ਵੀਂ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਇਸ ਮੌਕੇ ਹਾਕੀ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕੀਤੀ। ਇਸ ਮੌਕੇ ਰਾਜ ਸੂਚਨਾ ਕਮਿਸ਼ਨਰ ਸ. ਨਿਧੜਕ ਸਿੰਘ ਬਰਾੜ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਸ. ਦਿਲਰਾਜ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਅਤੇ ਤੰਦਰੁਸਤ ਸਰੀਰ ‘ਚ ਹੀ ਤੰਦਰੁਸਤ ਦਿਮਾਗ਼ ਦਾ ਵਿਕਾਸ ਹੁੰਦਾ ਹੈ। ਉਨਾਂ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਇਸ ਮੌਕੇ ਟਰੱਸਟ ਦੇ ਅਹੁਦੇਦਾਰਾਂ ਵੱਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਉਨਾਂ ਸਵਰਗੀ ਮਲਕੀਤ ਸਿੰਘ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਵੀ ਅਰਪਿਤ ਕੀਤੀਆਂ। ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਸਵਰਗੀ ਸ. ਮਲਕੀਤ ਸਿੰਘ ਸਿੱਧੂ ਯਾਦਗਾਰੀ ਖੇਡ ਤੇ ਸਮਾਜ ਭਲਾਈ ਟਰੱਸਟ ਵੱਲੋਂ ਹਰ ਸਾਲ ਹਾਕੀ ਟੂਰਨਾਮੈਂਟ ਕਰਵਾਏ ਜਾਣ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ‘ਚ ਨਾਮਣਾ ਖੱਟ ਕੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਖਿਡਾਰੀਆਂ ਨਾਲ ਜਾਣ-ਪਛਾਣ ਵੀ ਕੀਤੀ। ਟੂਰਨਾਮੈਂਟ ‘ਚ ਹਾਕੀ ਦੇ ਮਸ਼ਹੂਰ ਇੰਖਿਡਾਰੀ ਬਲਜੀਤ ਸਿੰਘ ਵੀ ਮੌਜੂਦ ਸਨ। ਟਰੱਸਟ ਵੱਲੋਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੂਰਨਾਮੈਂਟ ‘ਚ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਮਲਕੀਤ ਸਿੰਘ ਸਿੱਧੂ ਯਾਦਗਾਰੀ ਸਪੋਰਟਸ ਅਤੇ ਸਮਾਜ ਭਲਾਈ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ, ਵਾਈਸ ਚੇਅਰਮੈਨ ਇੰਜੀਨੀਅਰ ਬੇਅੰਤ ਸਿੰਘ ਸਿੱਧੂ, ਪ੍ਰਧਾਨ ਗੁਰਚਰਨ ਸਿੰਘ ਗਿੱਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਸੰਧੂ, ਚੇਅਰਮੈਨ ਇੰਟਰਨੈਸ਼ਨਲ ਸਕੂਲ ਦਵਿੰਦਰਪਾਲ ਸਿੰਘ ਰੈਂਪੀ, ਜਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਪ੍ਰੇਮ ਕੁਮਾਰ, ਸਵਰਨਜੀਤ ਸਿੰਘ ਬਰਾੜ, ਪੂਰਨ ਸਿੰਘ, ਪਿ੍ਰੰਸੀਪਲ ਬਚਿੱਤਰ ਸਿੰਘ  ਆਦਿ ਹਾਜ਼ਰ ਸਨ।