ਤਿ੍ਰਪਤ ਬਾਜਵਾ ਨੇ ਨਵੇਂ ਭਰਤੀ 127 ਪੰਚਾਇਤ ਸਕੱਤਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਚੰਡੀਗੜ, 7 ਮਾਰਚ (ਪੱਤਰ ਪਰੇਰਕ)-: ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਗਏ 127 ਪੰਚਾਇਤ ਸਕੱਤਰਾਂ ਨੂੰ ਨਿਯੁਕਤੀ ਪੱਤਰ ਦਿੱਤੇ।ਕੈਬਨਿਟ ਮੰਤਰੀ ਸ. ਬਾਜਵਾ ਨੇ ਨਿਯੁਕਤੀ ਪੱਤਰ ਜਾਰੀ ਕਰਨ ਮੌਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਵਿਭਾਗ ਵਿੱਚ ਨਵ-ਨਿਯੁਕਤ ਪੰਚਾਇਤ ਸਕੱਤਰਾਂ ਨੂੰ ਉਨਾਂ ਦੀ ਪਹਿਲ ਦੇ ਆਧਾਰ ’ਤੇ ਥਾਵਾਂ ਦਿੱਤੀਆਂ ਜਾਣ, ਤਾਂ ਜੋ ਉਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਸ. ਬਾਜਵਾ ਨੇ ਇਹ ਵੀ ਕਿਹਾ ਕਿ ਨਵ-ਨਿਯੁਕਤ ਸਕੱਤਰ ਪੂਰੀ ਪਾਰਦਰਸ਼ਤਾ ਅਤੇ ਲਗਨ ਨਾਲ ਕੰਮ ਕਰਨ। ਉਨਾਂ ਨਾਲ ਹੀ ਕਿਹਾ ਕਿ ਸਭ ਨੂੰ ਸੇਵਾ ਦੀ ਭਾਵਨਾ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸੇਵਾਵਾਂ ਪ੍ਰਦਾਨ ਕਰਵਾਉਣੀਆਂ ਚਾਹੀਦੀਆਂ ਹਨ।ਇਸ ਦੇ ਇਲਾਵਾ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਚਾਇਤ ਸਕੱਤਰਾਂ ਨੂੰ ਪਿੰਡਾਂ ਵਿਚ ਇਮਾਨਦਾਰੀ ਨਾਲ ਬਿਨਾਂ ਕਿਸੇ ਭੇਦਭਾਵ ਦੇ ਮਿਆਰੀ ਵਿਕਾਸ ਕਾਰਜ ਕਰਵਾਉਣੇ ਚਾਹੀਦੇ ਹਨ। ਸ. ਬਾਜਵਾ ਨੇ ਇਸ ਮੌਕੇ ਨਵੇਂ ਭਰਤੀ ਹੋਏ ਪੰਚਾਇਤ ਸਕੱਤਰਾਂ ਨੂੰ ਕਿਹਾ ਕਿ ਉਨਾਂ ਨੂੰ ਆਪਣੇ ਦਫਤਰੀ ਕੰਮ ਕਾਜ ਵਿਚ ਨਵੀਆਂ ਤਕਨੀਕੀ ਅਪਣਉਣੀਆਂ ਚਾਹੀਦੀਆਂ ਹਨ ਅਤੇ ਹਰ ਕੰਮ ਦਾ ਪੂਰਾ ਪਾਰਦਰਸ਼ੀ ਰਿਕਾਰਡ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਦਫਤਰੀ ਰਿਕਾਰਡ ਨੂੰ ਸੰਭਾਲਣ ਦਾ ਅਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇੱਕ ਥਾਂ ਤੋਂ ਦੂਜੀ ਥਾਂ ’ਤੇ ਬਦਲੀ ਹੋਣ ਕਾਰਨ ਰਿਕਾਰਡ ਸੌਂਪਣ ਵਿਚ ਕੋਈ ਮੁਸ਼ਕਿਲ ਨਾ ਆਵੇ।ਇਸ ਨਾਲ ਜਿੱਥੇ ਵਿਭਾਗ ਦੇ ਕੰਮ ਕਾਜ ਵਿਚ ਸੁਧਾਰ ਆਵੇਗਾ ਉੱਥੇ ਨਾਲ ਹੀ ਪੰਚਾਇਤ ਸਕੱਤਰਾਂ ਵਿਚ ਰਿਕਾਰਡ ਨਾ ਸੌਂਪਣ ਨੂੰ ਲੈ ਕੇ ਵਿਭਾਗੀ ਕਾਰਵਾਈ ਹੋਣ ਦਾ ਡਰ ਵੀ ਖਤਮ ਹੋਵੇਗਾ। ਇਸ ਮੌਕੇ ਪੰਚਾਇਤ ਮੰਤਰੀ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਵਿਭਾਗ ਵਿਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਉਨਾ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਕਿਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਕਾਰਵਾਈ ਨੂੰ ਹੋਰ ਤੇਜ ਕੀਤਾ ਜਾਵੇ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਡਾਇਰੈਕਟਰ ਸ੍ਰੀ ਸਿਬਿਨ ਸੀ., ਵਧੀਕ ਡਾਇਰੈਕਟਰ ਸ੍ਰੀਮਤ ਰਮਿੰਦਰ ਬੁੱਟਰ ਅਤੇ ਓ.ਐਸ.ਡੀ ਸ. ਗੁਰਦਰਸ਼ਨ ਸਿੰਘ ਬਾਹੀਆ ਵੀ ਹਾਜ਼ਰ ਸਨ।