ਸ਼ੂਗਰ ਚੇਤਨਾ ਸੋਸਾਇਟੀ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ, 69 ਲੋਕਾਂ ਨੇ ਕਰਵਾਈ ਸਿਹਤ ਜਾਂਚ

ਮੋਗਾ, 28 ਜੂਨ (JASHAN ) : ਸ਼ੂਗਰ ਚੇਤਨਾ ਸੋਸਾਇਟੀ ਵੱਲੋਂ ਐਤਵਾਰ ਸਵੇਰੇ ਗੀਤਾ ਭਵਨ ਚੌਕ ਵਿਖੇ ਮੁਫ਼ਤ ਸ਼ੂਗਰ, ਐਚ.ਬੀ.ਏ.1ਸੀ. (HbA1c) ਅਤੇ ਸੀ.ਬੀ.ਸੀ. (CBC) ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰੋਜੈਕਟ ਇੰਚਾਰਜ ਐਪਲਜੀਤ ਸਿੰਗਲ ਅਤੇ ਅਨਿਲ ਧਵਨ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਵੱਲੋਂ ਕੈਂਪ ਵਿੱਚ ਪਹੁੰਚੇ 69 ਲੋਕਾਂ ਦੀ ਸ਼ੂਗਰ, ਐਚ.ਬੀ.ਏ.1ਸੀ. ਅਤੇ ਸੀ.ਬੀ.ਸੀ. ਦੀ ਜਾਂਚ ਕੀਤੀ ਗਈ। ਇਸ ਮੌਕੇ ਸੋਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਹਫ਼ਤੇ ਜਨਤਕ ਥਾਵਾਂ 'ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਜੀਵਨ ਲਈ ਹਰ ਰੋਜ਼ ਸਵੇਰੇ-ਸ਼ਾਮ ਪਾਰਕਾਂ ਵਿੱਚ ਸੈਰ ਕਰਨੀ ਚਾਹੀਦੀ ਹੈ, ਫਾਸਟ ਫੂਡ ਦੀ ਥਾਂ ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਰੀਰ ਵਿੱਚ ਮੋਟਾਪਾ ਨਹੀਂ ਆਉਣ ਦੇਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ 'ਤੇ ਸਿਹਤ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਮੰਗਲਾ ਅਤੇ ਗੌਰਵ ਜੈਨ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ ਅਤੇ ਇਹ ਸੇਵਾ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਰਜਿੰਦਰ ਛਾਬੜਾ, ਪ੍ਰਦੀਪ ਮੰਗਲਾ, ਗੌਰਵ ਕੁਮਾਰ ਜੈਨ, ਅਨਿਲ ਧਵਨ, ਐਪਲਜੀਤ ਸਿੰਗਲ, ਪ੍ਰਵੀਣ ਗਰਗ (ਬੌਬੀ), ਸੁਰਿੰਦਰ ਗੋਇਲ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


