ਮੰਡੀ ਬੋਰਡ ਵੱਲੋਂ 29 ਕਰੋੜ ਦੀ ਲਾਗਤ ਨਾਲ 326 ਕਿਲੋਮੀਟਰ ਲਿੰਕ ਸੜਕਾਂ ਦੀ ਹੋਵੇਗੀ ਮੁਰੰਮਤ

ਫ਼ਰੀਦਕੋਟ/ਕੋਟਕਪੂਰਾ, 10 ਮਈ (ਟਿੰਕੂ ਪਰਜਾਪਤੀ) :- ਪੰਜਾਬ ਮੰਡੀ ਬੋਰਡ ਵੱਲੋਂ ਇਸ ਵਿੱਤੀ ਵਰੇ ਇੱਕ ਪ੍ਰੋਜੈਕਟ ਅਧੀਨ 29 ਕਰੋੜ ਰੁਪਏ ਦੀ ਲਾਗਤ ਨਾਲ 326 ਕਿਲੋਮੀਟਰ ਸੜਕਾਂ ਦੀ ਮੁਰੰਮਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਮੰਡੀ ਅਫ਼ਸਰ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਉਹ ਲਿੰਕ ਸੜਕਾਂ ਜਿਨਾਂ ਦੀ ਮੁਰੰਮਤ 31-03-2011 ਤੋ ਪਹਿਲਾ ਹੋਈ ਸੀ ਅਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਚੱੁਕੀ ਹੈ। ਇਹਨਾਂ ਸੜਕਾਂ ਨੂੰ ਪੰਜਾਬ ਮੰਡੀ ਬੋਰਡ ਇੱਕ ਪ੍ਰੋਜੈਕਟ ਅਧੀਨ ਲਿਆ ਕੇ ਇਸ ਵਿੱਤੀ ਵਰੇ ਹੀ ਮੁਰੰਮਤ ਕਰੇਗਾ। ਮੰਡੀ ਅਫ਼ਸਰ ਮੱਤਾ ਨੇ ਦੱਸਿਆ ਕਿ ਇਸ ਸਬੰਧੀ ਲੋੜੀਂਦਾ ਐਸਟੀਮੈਟ ਤਿਆਰ ਹੋ ਗਿਆ ਹੈ ਅਤੇ ਕਾਰਜਕਾਰੀ ਇੰਜੀਨੀਅਰ (ਉਸਾਰੀ) ਪੰਜਾਬ ਮੰਡੀ ਬੋਰਡ, ਫਰੀਦਕੋਟ  ਵੱਲੋਂ ਇਸ ਸਬੰਧੀ ਟੈਂਡਰ ਵੀ ਕਾਲ ਕਰ ਲਏ ਗਏ ਹਨ ਅਤੇ ਜਲਦੀ ਹੀ ਇਹਨਾਂ ’ਤੇ ਕੰਮ ਸ਼ੁਰੂ ਹੋਣ ਦੀ ਸੰਭਾਵਨਾਂ ਹੈ। ਜਿਲਾ ਮੰਡੀ ਅਧਿਕਾਰੀ ਮੱਤਾ ਨੇ ਦੱਸਿਆ ਕਿ ਜਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਅਧੀਨ ਪੈਂਦੀਆਂ 4 ਮਾਰਕਿਟ ਕਮੇਟੀਆਂ ਵਿੱਚੋਂ ਮਾਰਕਿਟ ਕਮੇਟੀ ਫਰੀਦਕੋਟ ਵਿਖੇ 100 ਕਿ. ਮੀ., ਕੋਟਕਪੂਰਾ 95 ਕਿ.ਮੀ, ਜੈਤੋ 75 ਕਿ.ਮੀ. ਅਤੇ ਸਾਦਿਕ ਅਧੀਨ 56 ਕਿ. ਮੀ. ਸੜਕਾਂ ਦੀ ਮੁਰੰਮਤ ਹੋਵੇਗੀ। ਇਸ ਤਰਾਂ ਜਿਲੇ ਵਿੱਚ ਮੁਰੰਮਤ ਯੋਗ ਲਿੰਕ ਸੜਕਾਂ ਦੀ ਕੁੱਲ ਲੰਬਾਈ 326 ਕਿ.ਮੀ. ਬਣਦੀ ਹੈ ਜਿਸ ’ਤੇ ਕਿ 29 ਕਰੋੜ ਰੁਪਏ ਖਰਚ ਆਉਣਗੇ। ਉਹਨਾਂ ਦੱਸਿਆ ਕਿ ਇਹ ਮੁਰੰਮਤ ਦਾ ਕੰਮ ਇਸ ਵਿੱਤੀ ਵਰੇ ਹੀ ਹਰ ਹਾਲਤ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।