ਮੁੱਖ ਮੰਤਰੀ ਵੱਲੋਂ ਗ਼ੈਰ-ਕਾਨੂੰਨੀ ਖਣਨ ਤੇ ਗੁੰਡਾ ਟੈਕਸ ਦੇ ਮੁਕੰਮਲ ਖ਼ਾਤਮੇ ਲਈ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਨਿਰਦੇਸ਼

ਚੰਡੀਗੜ, 28 ਫਰਵਰੀ (ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ੈਰ ਕਾਨੂੰਨੀ ਖਣਨ ਅਤੇ ਅਖੌਤੀ ‘ਗੁੰਡਾ ਟੈਕਸ’ ਰੋਕਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਲਾ ਪੁਲੀਸ ਮੁਖੀਆਂ ਨੂੰ ਤਿੱਖਾ ਹੱਲਾ ਬੋਲਣ ਲਈ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਹੈ ਕਿ ਇਨਾਂ ਨੂੰ ਪੂਰੀ ਸਖ਼ਤੀ ਅਤੇ ਦਿ੍ਰੜਤਾ ਨਾਲ ਹਰ ਹਾਲਤ ਵਿਚ ਰੋਕਿਆ ਜਾਵੇ। ਵੱਖ-ਵੱਖ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਲਾ ਪੁਲਿਸ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਗ਼ੈਰ-ਕਾਨੂੰਨੀ ਖਣਨ ਜਾਂ ਗੰੁਡਾ ਟੈਕਸ ਵਿਰੁੱਧ ਕਾਰਵਾਈ ਦੌਰਾਨ ਕਿਸੇ ਵੀ ਤਰਾਂ ਦੀ ਸਿਫ਼ਾਰਿਸ਼ ਨਾ ਮੰਨਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨਾਂ ਨੇ ਇਸ ਸਬੰਧ ਵਿਚ ਸਖ਼ਤੀ ਨਾਲ ਕਾਨੂੰਨਾਂ ਦਾ ਪਾਲਣ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਾਰੇ ਕਾਨੂੰਨੀ ਠੇਕੇਦਾਰਾਂ ਦੀ ਸੂਚੀ ਤਿਆਰ ਕਰਨ ਲਈ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਨੂੰਨੀ ਖਣਨ ਓਪਰੇਟਰ ਹੀ ਕਾਨੂੰਨ ਅਤੇ ਨਿਯਮਾਂ ਅਨੁਸਾਰ ਕਾਰਜ ਕਰ ਸਕਣ। ਉਨਾਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਚ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਜਾਂ ਮਿਲੀਭੁਗਤ ਸਹਿਣ ਨਹੀਂ ਕੀਤੀ ਜਾਵੇਗੀ। ਉਨਾਂ ਨੇ ਗ਼ੈਰ-ਕਾਨੂੰਨੀ ਖਣਨ ਲਈ ਜਿਲਾ ਪੁਲਿਸ ਮੁੱਖੀਆਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਬਣਾਉਣ ਦੀ ਚੇਤਾਵਨੀ ਦਿੱਤੀ। ‘ਗੁੰਡਾ ਟੈਕਸ’ ਨੂੰ ਪੂਰੀ ਤਰਾਂ ਗ਼ੈਰ-ਕਾਨੂੰਨੀ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਪਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਇਸ ਸਬੰਧ ਵਿਚ ਰੱਤੀ ਭਰ ਵੀ ਢਿੱਲ ਨਹੀਂ ਸਹਿਣ ਕਰੇਗੀ।ਇਸ ਸਬੰਧ ਵਿਚ ਟਾਲ-ਮਟੋਲ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਵਪਾਰ ਅਤੇ ਭਿ੍ਰਸ਼ਟਾਚਾਰ ਦੇ ਖ਼ਾਤਮੇ ਵਿਚ ਇਕ ਸਾਲ ਤੋਂ ਬਾਅਦ ਕਿਸੇ ਵੀ ਤਰਾਂ ਦੀ ਢਿੱਲ-ਮੱਠ ਦਾ ਕੌਈ ਵੀ ਬਹਾਨਾ ਨਹੀਂ ਹੋਣਾ ਚਾਹੀਦਾ। ਉਨਾਂ ਨੇ ਅਧਿਕਾਰੀਆਂ ਨੂੰ ਹੋਰ ਵੀ ਵੱਧ ਸਰਗਰਮੀ ਨਾਲ ਵੱਡੇ ਮਗਰਮੱਛਾਂ ਨੂੰ ਨੱਪਣ ਲਈ ਨਿਰਦੇਸ਼ ਦਿੱਤੇ ਤਾਂ ਜੋ ਸਰਕਾਰੀ ਪ੍ਰਣਾਲੀ ਨੂੰ ਸਾਫ਼-ਸੁਥਰਾ ਬਣਾਉਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਾਰੇ ਪੱਧਰਾਂ ਉੱਤੇ ਭਿ੍ਰਸ਼ਟਾਚਾਰ ਨਾਲ ਨਿਪਟਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਉਨਾਂ ਨੇ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਡਿਪਟੀ ਕਮਿਸ਼ਨਰਾਂ ਅਤੇ ਜਿਲਾ ਪੁਲਿਸ ਮੁਖੀਆਂ ਦੇ ਪੂਰੇ ਤਾਲਮੇਲ ਨਾਲ ਕੰਮ ਕਰਨ ਦੀ ਜ਼ਰੂਰਤ ਤੇ ਜੋਰ ਦਿੱਤਾ। ਉਨਾਂ ਨੇ ਪ੍ਰਾਪਤ ਕੰਮਾਂ/ਨਿਵੇਦਨਾਂ ’ਤੇ ਨਿਗਰਾਨੀ ਲਈ ਆਈ.ਟੀ. ਦੀ ਵੱਡੀ ਪੱਧਰ ਤੇ ਵਰਤੋਂ ਕਰਨ ਦੀ ਅਧਿਕਾਰੀਆਂ ਨੂੰ ਅਪੀਲ ਕੀਤੀ ਤਾਂ ਜੋ ਉਨਾਂ ਦੇ ਹੇਠਲੇ ਦਫ਼ਤਰਾਂ ਦੀ ਨਿਯਮਤ ਚੈਕਿੰਗ ਅਤੇ ਜਾਂਚ ਹੋ ਸਕੇ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਜੰਗ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਉਨਾਂ ਨੇ ਇਸ ਸਬੰਧ ਵਿਚ ਵਿਸ਼ੇਸ਼ ਸਟਾਫ ਫੋਰਸ ਅਤੇ ਜਿਲਾ ਪੁਲਿਸ ਵਿਚਕਾਰ ਤਾਲਮੇਲ ਰਾਹੀਂ ਮੁਹਿੰਮ ਤੇਜ਼ ਕਰਨ ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਇਨਾਂ ਦੋਵਾਂ ਨੂੰ ਨੇੜੇ ਦੇ ਤਾਲਮੇਲ ਨਾਲ ਕਾਰਜ ਕਰਨਾ ਚਾਹੀਦਾ ਹੈ ਅਤੇ ਨਸ਼ੇੜੀਆਂ ਦੇ ਢੁਕਵੇਂ ਮੁੜ-ਵਸੇਬੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨਾਂ ਨੇ ਸੂਬੇ ਵਿਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਠੋਸ ਕੋਸ਼ਿਸ਼ਾਂ ਕਰਨ ਤੇ ਜ਼ੋਰ ਦਿੱਤਾ। ਕਣਕ ਦੀ ਖ਼ਰੀਦ ਲਈ ਵਧੀਆ ਪ੍ਰਬੰਧ ਕਰਨ ਲਈ ਜਿਲਾ ਪ੍ਰਸ਼ਾਸਨ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਖ਼ਰੀਦ ਸੀਜ਼ਨਾਂ ਦੌਰਾਨ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਉਨਾਂ ਨੇ ਆਉਂਦੇ ਖ਼ਰੀਦ ਸੀਜ਼ਨ ਦੌਰਾਨ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਉਨਾਂ ਕਿਹਾ ਕਿ ਕਿਸਾਨਾਂ ਨੂੰ ਏਜੰਸੀਆਂ ਅਤੇ ਆੜਤੀਆਂ ਦੁਆਰਾ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਮੁੱਖ ਮੰਤਰੀ ਨੇ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਨੂੰ ਢੁੱਕਵੇਂ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਜ਼ੋੋਸ਼ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਜਾਂ ਜੋ ਵਿਕਾਸ ਦਾ ਫਲ ਹੇਠਲੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਸਕੇ। ਉਨਾਂ ਨੇ 31 ਮਾਰਚ ਤੱਕ ਸਾਰੇ ਯੋਗ ਵਿਅਕਤੀਆਂ ਨੂੰ ਇਸ ਹੇਠ ਲਿਆਉਣ ਦੀਆਂ ਹਦਾਇਤਾਂ ਜਾਰੀ ਕਰਦੇ ਹੋਏ ਇਸ ਦੀ ਅਮਲੀ ਪ੍ਰਕਿਰਿਆ ਦੀ ਪੂਰੀ ਤਰਾਂ ਪਾਰਦਰਸ਼ਿਤਾ ਵਰਤਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀਆਂ ਅਤੇ ਕਾਂਗਰਸ ਦੇ ਵਿਧਾਇਕਾਂ/ਵਰਕਰਾਂ ਵਿਚਕਾਰ ਨੇੜੇ ਦੇ ਸਬੰਧਾਂ ਅਤੇ ਨਿਯਮਿਤ ਆਦਾਨ-ਪ੍ਰਦਾਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤਾਂ ਜੋ ਸਰਕਾਰੀ ਪ੍ਰੋਗਰਾਂਮਾਂ ਤੇ ਨੀਤੀਆਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਚਲ ਰਹੇ ਨੌਕਰੀ ਮੇਲਿਆਂ ਦੀ ਸਫ਼ਲਤਾ ਨੂੰ ਵੀ ਨੋਟ ਕੀਤਾ ਗਿਆ ਜਿਨਾਂ ਦੌਰਾਨ 55000 ਨੌਕਰੀਆਂ ਲਈ ਰਿਕਾਰਡ 85000 ਰਜਿਸਟ੍ਰੇਸ਼ਨ ਹੋਈ ਹੈ। ਸਤੰਬਰ-ਅਕਤੂਬਰ 2018 ਦੌਰਾਨ ਅਗਲਾ ਨੌਕਰੀ ਮੇਲਾ ਲਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਕਰ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਕੇ.ਏ.ਪੀ. ਸਿਨਾ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅੰਜਲੀ ਭਾਵੜਾ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁੱਪਤਾ, ਡੀ.ਜੀ.ਪੀ. ਕਾਨੂੰਨ ਵਿਵਸਥਾ ਐਚ.ਐਸ. ਢਿੱਲੋਂ ਅਤੇ ਵਿਸ਼ੇਸ਼ ਟਾਸਕ ਫੋਰਸ ਦੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਸ਼ਾਮਲ ਸਨ।


