ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਤਵਾਦੀ ਗਰੁੱਪਾਂ ਤੇ ਅਪਰਾਧੀ ਗੈਂਗਾਂ ਨੂੰ ਖਤਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਮੇਜ਼ਬਾਨੀ

ਚੰਡੀਗੜ, 12 ਨਵੰਬਰ( ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ ਸੂਬੇ ਵਿੱਚ ਮਿੱਥ ਕੇ ਹਤਿਆਵਾਂ ਕਰਨ ਵਾਲਿਆਂ ਵਿੱਚ ਸ਼ਾਮਲ ਅਪਰਾਧੀਆਂ ਸਣੇ ਬਹੁਤ ਸਾਰੇ ਅੱਤਵਾਦੀ ਗਿਰੋਹਾਂ ਅਤੇ ਅਪਰਾਧੀ ਗੈਂਗਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵੱਖ ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਵਜੋਂ ਸ਼ਨੀਵਾਰ ਨੂੰ ਆਪਣੇ ਨਿਵਾਸ ਸਥਾਨ ’ਤੇ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਮੁੱਖ ਮੰਤਰੀ ਵੱਲੋਂ ਦਿੱਤੇ ਇਸ ਰਾਤ ਦੇ ਖਾਣੇ ਵਿੱਚ 80 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਵਿਅਕਤੀ ਸ਼ਾਮਲ ਹੋਏ। ਮੁੱਖ ਮੰੰਤਰੀ ਨੇ ਹਾਲ ਹੀ ਵਿੱਚ ਕੁਝ ਸਖਤ ਕੇਸਾਂ ਸਣੇ ਵੱਖ ਵੱਖ ਕੇਸਾਂ ਵਿੱਚ ਸਫਲਤਾ ਹਾਸਲ ਕਰਨ ਲਈ ਹਰੇਕ ਦਾ ਨਿੱਜੀ ਤੌਰ ’ਤੇ ਧੰਨਵਾਦ ਕੀਤਾ। ਇਨਾਂ ਕੇਸਾਂ ਵਿੱਚ ਸਭ ਤੋਂ ਅਹਿਮ ਆਰ ਐਸ.ਐਸ. ਸਿਵ ਸੈਨਾ ਤੇ ਡੇਰਾ ਸੱਚਾ ਸੌਦਾ ਦੇ ਛੇ ਮਾਮਲਿਆਂ ਵਿੱਚ ਸੱਤ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਿਤ ਮਾਮਲੇ ਸ਼ਾਮਲ ਸਨ। ਮੁੱਖ ਮੰਤਰੀ ਨੇ ਇਨਾਂ ਮੁਲਾਜ਼ਮਾਂ ਦੇ ਮਿਸਾਲੀ ਹੌਂਸਲੇ, ਦਿ੍ਰੜਤਾ ਅਤੇ ਸਖਤ ਜੱਦੋ-ਜਹਿਦ ਦੀ ਪ੍ਰਸ਼ੰਸਾ ਕੀਤੀ ਜਿਸ ਦੀ ਬਦੌਲਤ ਇਨਾਂ ਅੱਤਵਾਦੀ ਗਰੋਹਾਂ ਦਾ ਖਾਤਮਾ ਹੋਇਆ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਲਈ ਲੱਗੇ ਹੋਏ ਅਨੇਕਾਂ ਗੈਂਗਸਟਰਾਂ ਦੀ ਗਿ੍ਰਫਤਾਰੀ ਹੋਈ ਹੈ। ਇਸ ਮੌਕੇ ਇਨਾਂ ਮੁਲਾਜ਼ਮਾਂ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਰਾਜਕਤਾ ਤੋਂ ਬਚਾਉਣ ਅਤੇ ਪੁਲਿਸ ਦਾ ਮਾਣ ਵਧਾਉਣ ਲਈ ਉਨਾਂ ਦੀ ਪ੍ਰਸ਼ੰਸਾ ਕੀਤੀ। ਜੇ ਪੁਲਿਸ ਮੁਲਾਜ਼ਮ ਅਜਿਹਾ ਨਾ ਕਰਦੇ ਤਾਂ ਇਹ ਲੋਕ ਹੋ ਗੜਬੜ ਪੈਦਾ ਕਰ ਸਕਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨਾਂ ਪੁਲਿਸ ਮੁਲਾਜ਼ਮਾਂ ਨੂੰ ਉਨਾਂ ਦੀ ਸਰਕਾਰ ਵੱਲੋਂ ਗਰਮ ਖਿਆਲੀਆਂ ਤੇ ਅਪਰਾਧੀਆਂ ਦੇ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਖੁਲੀ ਛੁੱਟੀ ਦਿੱਤੀ ਗਈ ਸੀ ਉਨਾਂ ਨੇ ਬਚਨਵੱਧਤਾ ਤੇ ਸੰਜੀਦਗੀ ਦੇ ਨਾਲ ਆਪਣੇ ਕੰਮ ਨੂੰ ਨੇਪਰੇ ਚੜਾਇਆ। ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਉਹ ਅੱਤਵਾਦੀ ਗਿਰੋਹਾਂ ਅਤੇ ਗੈਂਗਸਟਰਾਂ ਦੇ ਖਾਤਮੇ ’ਚ ਸ਼ਾਮਲ ਇਨਾਂ ਮੁਲਾਜ਼ਮਾਂ ਨੂੰ ਐਵਾਰਡ ਤੇ ਇਨਾਮ ਦੇਣ ਲਈ ਕੋਈ ਸਕੀਮ ਤਿਆਰ ਕਰਨ। ਉਨਾਂ ਨੇ ਇਸ ਸਬੰਧ ਵਿੱਚ ਵਿਸਤ੍ਰਤ ਪ੍ਰਸਤਾਵ ਉਨਾਂ ਦੀ ਪ੍ਰਵਾਨਗੀ ਦੇ ਲਈ ਪੇਸ਼ ਕਰਨ ਵਾਸਤੇ ਆਖਿਆ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੇ ਲਈ ਵਿਲੱਖਣ ਭਾਈਚਾਰਕ ਸੇਵਾਵਾਂ ਮੁਹਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਾਂ ਪੜਤਾਲ ਦੇ ਰਾਹੀਂ ਫੌਜਦਾਰੀ ਕੇਸਾਂ ਨੂੰ ਹੱਲ ਕਰਨ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਣ ਕਰਨ ਲਈ ਉਨਾਂ ਦੀ ਚੋਣ ਵਾਸਤੇ ਕੋਈ ਪ੍ਰਣਾਲੀ ਸਥਾਪਿਤ ਕਰਨ ਲਈ ਵੀ ਡੀ.ਜੀ.ਪੀ. ਨੂੰ ਹਦਾਇਤਾਂ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਪੁਲਿਸ ਮੁਲਾਜਮਾਂ ਦੀ ਭਲਾਈ ਲਈ ਬਚਨਵੱਧ ਹੈ। ਉਨਾਂ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਨੂੰ ਸੰਕਟ ਵਿੱਚੋਂ ਕੱਢਣ ਲਈ ਵੱਖ ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਡੀ.ਜੀ.ਪੀ. ਸੁਰੇਸ਼ ਅਰੋੜਾ ਤੋਂ ਇਲਾਵਾ ਡੀ.ਜੀ.ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ, ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ, ਆਈ ਜੀ.ਪੀ. (ਐਫ.ਆਈ.ਯੂ.), ਆਈ ਜੀ.ਪੀ. (ਸੀ.ਆਈ.) ਅਤੇ ਆਈ ਜੀ.ਪੀ. (ਓ.ਸੀ.ਸੀ.ਯੂ.) ਡੀ. ਆਈ. ਜੀ. (ਸੀ.ਆਈ.), ਅੱਠ ਏ.ਆਈ.ਜੀ., ਮੋਗਾ, ਖੰਨਾ, ਬਟਾਲਾ ਤੇ ਨਵਾਂ ਸ਼ਹਿਰ ਦੇ ਐਸ.ਐਸ.ਪੀ., 20 ਇੰਸਪੈਕਟਰ, ਬੱਸੀ ਪਠਾਣਾ ਤੇ ਬਾਘਾਪੁਰਾਣਾ ਦੇ ਐਸ.ਐਚ.ਓ., 17 ਹੈਡ ਕਾਂਸਟੇਬਲ, 13 ਕਾਂਸਟੇਬਲ ਅਤੇ 2 ਹੋਮ ਗਾਰਡ ਰਾਤ ਦੇ ਭੋਜਨ ਵਿਚ ਹਾਜ਼ਰ ਸਨ। ਰਾਤ ਦੇ ਖਾਣੇ ਦੇ ਮੌਕੇ ਸਭ ਤੋਂ ਵੱਧ ਖਿੱਚ ਮਿੱਥ ਕੇ ਹੱਤਿਆਵਾਂ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਗਿ੍ਰਫਤਾਰ ਕਰਨ ਵਾਲੀ ਟੀਮ ਵੀ ਸੀ। ਇਹ ਸ਼ੱਕੀ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਰਚੀ ਗਈ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸਨ। ਇਸ ਟੀਮ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ, ਆਈ.ਜੀ. ਅੰਮਿ੍ਰਤ ਪ੍ਰਸਾਦ, ਡੀ.ਆਈ.ਜੀ. ਰਣਬੀਰ ਖੱਟੜਾ, ਐਸ.ਐਸ.ਪੀ. ਮੋਗਾ ਰਾਜਜੀਤ ਸਿੰਘ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਘੁੰਮਣ, ਐਸ.ਐਸ.ਪੀ. ਖੰਨਾ ਨਵਜੋਤ ਮਾਹਲ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ ਅਤੇ ਸਰਬਜੀਤ ਸਿੰਘ ਅਤੇ ਇੰਸਪੈਕਟਰ ਸੀ.ਆਈ.ਏ. ਮੋਗਾ ਤੇ ਖੰਨਾ ਕਿੱਕਰ ਸਿੰਘ ਤੇ ਅਜੀਤ ਪਾਲ ਸਿੰਘ ਸਨ।


