ਭਾਜਪਾ ਨੇ 50 ਵਾਰਡਾਂ ਤੋਂ ਜਿੱਤ ਦੇ ਸੰਕਲਪ ਅਤੇ ਮਜ਼ਬੂਤ ਰਣਨੀਤੀ ਨਾਲ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ

ਮੋਗਾ, 16 ਮਈ ( ਜਸ਼ਨ ) ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਵਿੱਚ ਸਾਰੇ 50 ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰਡਾਂ ਵਿੱਚ ਇੱਕ-ਇੱਕ ਸੀਟ ਲਈ ਦੋ ਤੋਂ ਤਿੰਨ, ਜਦਕਿ ਕੁਝ ਥਾਵਾਂ ‘ਤੇ ਇਸ ਤੋਂ ਵੀ ਵੱਧ ਦਾਵੇਦਾਰ ਸਾਹਮਣੇ ਆਏ ਹਨ, ਜਿਸ ਕਾਰਨ ਉਮੀਦਵਾਰਾਂ ਦੀ ਚੋਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ। ਭਾਜਪਾ ਨੂੰ ਮੋਗਾ ਵਿਚ ਮਿਲ ਰਹੇ ਹੁੰਗਾਰੇ ਸਬੰਧੀ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਦੇ ਸਵਾਲ ਦਾ ਜਵਾਬ ਦਿੰਦਿਆਂ ਡਾ. ਹਰਜੋਤ ਨੇ ਕਿਹਾ ਕਿ ਭਾਜਪਾ ਲਈ ਇਹ ਸਭ ਤੋਂ ਵੱਡੀ ਉਪਲਬਧੀ ਹੈ ਕਿ ਪਾਰਟੀ ਹਰ ਸੀਟ ‘ਤੇ ਮਜ਼ਬੂਤੀ ਨਾਲ ਚੋਣ ਲੜ ਰਹੀ ਹੈ। ਇਸ ਮੌਕੇ ਤੇ ਸਾਬਕਾ ਜਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ,ਸਾਬਕਾ ਜਿਲ੍ਹਾ ਪ੍ਰਧਾਨ ਅਤੇ ਕੇਪੈਨ ਕਮੇਟੀ ਦੇ ਕਨਵੀਨਰ ਰਾਕੇਸ਼ ਸ਼ਰਮਾ, ਪ੍ਰਦੇਸ਼ ਭਾਜਪਾ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ, ਸਾਬਕਾ ਜਿਲ੍ਹਾ ਪ੍ਰਧਾਨ ਵਿਨੈ ਸ਼ਰਮਾ,  ਜਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ, ਜਿਲ੍ਹਾ ਉੱਪ ਪ੍ਰਧਾਨ ਵਿੱਕੀ ਸਿਤਾਰਾ, ਜਿਲ੍ਹਾ ਉੱਪ ਪ੍ਰਧਾਨ ਰਾਹੁਲ ਗਰਗ ਆਦਿ ਹਾਜ਼ਰ ਸਨ।
ਡਾ. ਹਰਜੋਤ ਕਮਲ ਨੇ ਦੋਸ਼ ਲਾਇਆ ਕਿ ਸੱਤਾ ਪੱਖ ਦੇ ਲੋਕਾਂ ਵੱਲੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਸੋਚ ਰਹੇ ਕਈ ਸੰਭਾਵੀ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਪਰ ਇਸ ਦੇ ਬਾਵਜੂਦ ਭਾਜਪਾ ਦੇ ਉਮੀਦਵਾਰ ਨਿਡਰ ਹੋ ਕੇ ਚੋਣ ਮੈਦਾਨ ਵਿੱਚ ਉਤਰ ਰਹੇ ਹਨ।
ਭਾਰਤੀ ਜਨਤਾ ਪਾਰਟੀ ਦੇ ਨਗਰ ਨਿਗਮ ਚੋਣ ਕੋਆਰਡੀਨੇਟਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਸਕਾਰਾਤਮਕ ਸੋਚ ਅਤੇ ਬਦਲਾਅ ਦੇ ਸੰਕਲਪ ਨਾਲ ਚੋਣ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸੱਤਾ ਪੱਖ ਕਿਸੇ ਵੀ ਉਮੀਦਵਾਰ ਨੂੰ ਧਮਕਾਉਣ ਜਾਂ ਤੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੂਰਾ ਪਾਰਟੀ ਸੰਗਠਨ ਉਸਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ।
ਰਾਕੇਸ਼ ਸ਼ਰਮਾ ਨੇ ਕਿਹਾ ਕਿ ਅੱਜ ਸੱਤਾ ਵਿੱਚ ਬੈਠੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਲੰਮਾ ਨਹੀਂ ਰਹਿਣਾ। ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਦੋ ਵਾਰ ਅਦਾਲਤ ਵਿੱਚ ਹਾਰ ਚੁੱਕੀ ਹੈ ਅਤੇ ਤੀਜੀ ਵਾਰ ਵੀ ਉਸਨੇ ਕੋਸ਼ਿਸ਼ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਵਾਲੇ ਦਿਨ ਹੀ ਵਾਰਡਾਂ ਦੀ ਰਿਜ਼ਰਵੇਸ਼ਨ ਸੂਚੀ ਸਾਹਮਣੇ ਆ ਜਾਣੀ ਚਾਹੀਦੀ ਸੀ, ਪਰ ਇਸ ਨੂੰ ਅਧਿਕਾਰਕ ਤੌਰ ‘ਤੇ ਦੋ ਦਿਨ ਬਾਅਦ ਜਾਰੀ ਕੀਤਾ ਗਿਆ। ਇਸ ਨਾਲ ਸਾਫ ਹੈ ਕਿ ਸੱਤਾ ਪੱਖ ਨੂੰ ਆਪਣੇ ਕੰਮਾਂ ‘ਤੇ ਭਰੋਸਾ ਨਹੀਂ ਹੈ ਅਤੇ ਉਹ ਵਿਰੋਧੀ ਧਿਰਾਂ ਨੂੰ ਉਲਝਣ ਵਿੱਚ ਰੱਖਣਾ ਚਾਹੁੰਦਾ ਸੀ ਕਿ ਕਿਹੜਾ ਵਾਰਡ ਰਾਖਵਾਂ ਹੈ ਅਤੇ ਕਿਹੜਾ ਨਹੀਂ।
ਭਾਜਪਾ ਨੇਤਾਵਾਂ ਨੇ ਦਾਅਵਾ ਕੀਤਾ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੱਤਾ ਪੱਖ ਨੇ ਹੁਣੇ ਤੋਂ ਹੀ ਆਪਣੀ ਹਾਰ ਮੰਨ ਲਈ ਹੈ। ਭਾਜਪਾ ਜਿੱਤ ਦੇ ਸੰਕਲਪ ਅਤੇ ਮਜ਼ਬੂਤ ਰਣਨੀਤੀ ਨਾਲ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਹਰ ਉਮੀਦਵਾਰ ਪੂਰੀ ਤਾਕਤ ਨਾਲ ਚੋਣ ਲੜੇਗਾ।