ਫਾਹਾ ਲੈ ਕੇ ਨੌਜਵਾਨ ਕਿਸਾਨ ਨੇ ਕੀਤੀ ਆਤਮਹੱਤਿਆ

ਮੋਗਾ,26 ਮਈ (ਜਸਵੰਤ ਸਮਾਲਸਰ)-ਦੇਸ਼ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਦੌਰ ਥੰਮਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕਰਜ਼ੇ ਦੀ ਮਾਰ ਜਾਂ ਕਮਜ਼ੋਰ ਆਰਥਿਕਤਾ ਦੇ ਬੋਝ ਦੇ ਚੱਲਦਿਆਂ ਕੋਈ ਨਾ ਕੋਈ ਕਿਸਾਨ ਜਾਂ ਮਜ਼ਦੂਰ ਆਤਮਹੱਤਿਆ ਕਰ ਰਿਹਾ ਹੈ। ਅਜਿਹੀ ਹੀ ਹਿਰਦੇਵੇਦਕ ਘਟਨਾ ਮੋਗਾ ਜ਼ਿਲੇ ਦੇ ਪਿੰਡ ਸੇਖਾ ਖੁਰਦ ਵਿਖੇ ਵਾਪਰੀ, ਜਦੋਂ 27 ਸਾਲਾਂ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਹਰਫੂਲ ਸਿੰਘ ਜੱਟ ਸਿੱਖ ਨੇ ਆਪਣੇ ਘਰ ਵਿਚ ਹੀ ਪੌੜੀਆਂ ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਮੁਤਾਬਿਕ ਗੁਰਸਿਮਰਨ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀ ਪਤਨੀ ਗਰਭਵਤੀ ਹੈ। ਉਸ ਦੇ ਪਿਤਾ ਹਰਫੂਲ ਸਿੰਘ ਨੇ ਕਾਫੀ ਸਮਾਂ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਅਤੇ ਤਕਰੀਬਨ 6 ਲੱਖ ਰੁਪਏ ਪਿੰਡ ਦੇ ਹੀ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਨੂੰ ਉਧਾਰ ਦੇ ਦਿੱਤੇ। ਹਰਫੂਲ ਸਿੰਘ ਦੀ ਮੌਤ ਹੋ ਜਾਣ ਉਪਰੰਤ ਜਦ ਗੁਰਸਿਮਰਨ ਨੇ ਪੈਸੇ ਵਾਪਸ ਮੰਗੇ ਤਾਂ ਜਸਵਿੰਦਰ ਨੇ ਜਵਾਬ ਦੇ ਦਿੱਤਾ। ਅਦਾਲਤ ਵਿਚ ਚੱਲੇ ਕੇਸ ਦੌਰਾਨ ਜਸਵਿੰਦਰ ਨੇ ਆਖਿਆ ਕਿ ਹਰਫੂਲ ਸਿੰਘ ਦਾ ਕੋਈ ਵਾਰਿਸ ਨਹੀਂ ਹੈ, ਇਸ ਲਈ ਉਨਾਂ ਦੀ ਕੋਈ ਦੇਣਕਾਰੀ ਗੁਰਸਿਮਰਨ ਪ੍ਰਤੀ ਨਹੀਂ ਹੈ, ਪਰ ਸਬੂਤਾਂ ਦੇ ਆਧਾਰ ਤੇ ਹੇਠਲੀ ਅਦਾਲਤ ਨੇ ਕੇਸ ਦਾ ਫੈਸਲਾ ਗੁਰਸਿਮਰਨ ਦੇ ਹੱਕ ਵਿਚ ਕਰ ਦਿੱਤਾ। ਪਰ ਜਸਵਿੰਦਰ ਨੇ ਅਦਾਲਤੀ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦੇ ਦਿੱਤੀ। ਕੇਸ ਅਜੇ ਅਦਾਲਤ ਵਿਚ ਹੈ, ਪਰ ਗੁੁਰਸਿਮਰਨ ਨੇ ਫਾਹਾ ਲੈ ਲਿਆ। ਗੁਰਸਿਮਰਨ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਪੈਸੇ ਦੀ ਲੈਣਦਾਰੀ ਕਰਕੇ ਹੀ ਪ੍ਰੇਸ਼ਾਨੀ ਦੇ ਆਲਮ ਵਿਚ ਗੁੁਰਸਿਮਰਨ ਨੇ ਹੱਤਿਆ ਕੀਤੀ ਹੈ।