ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਬਰਗਾੜੀ ਵਿਖੇ ਪਹੁੰਚ ਕੇ ਜੱਥੇਦਾਰ ਮੰਡ ਦਾ ਸਾਥ ਦੇਣ-ਗੁਰਜੰਟ ਸਿੰਘ ਸਮਾਲਸਰ

ਬਾਘਾਪੁਰਾਣਾ,4 ਜੂਨ (ਜਸਵੰਤ ਗਿੱਲ)-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਅਤੇ ਭਾਈ ਕਿ੍ਰਸ਼ਨ ਭਗਵਾਨ ਸਿੰਘ ਨਿਆਮੀਵਾਲਾ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਪੁਲਿਸ ਕਰਮਚਾਰੀਆਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਬੈਠੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸਾਥ ਦੇਣ ਲਈ ਸਿੱਖ ਸੰਗਤਾਂ ਬਰਗਾੜੀ ਵਿਖੇ ਕਾਫਲੇ ਬਣਾ ਕੇ ਪਹੁੰਚਣ ਤਾਂ ਜੋ ਸੁੱਤੀ ਸਰਕਾਰ ਦੇ ਕੰਨ੍ਹਾਂ ਤੱਕ ਸਿੱਖ ਸੰਗਤ ਦੀ ਆਵਾਜ਼ ਪਹੁੰਚ ਸਕੇ, ਉੱਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਜੁਗਰਾਜ ਸਿੰਘ ਯਾਦਗਾਰੀ ਸੇਵਾ ਸੁਸਾਇਟੀ ਸਮਾਲਸਰ ਦੇ ਸੇਵਾਦਾਰ ਗੁਰਜੰਟ ਸਿੰਘ ਸਮਾਲਸਰ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਾਉਣ ਲਈ ਬੇਸ਼ੱਕ ਉਦੋਂ ਤੋਂ ਹੀ ਜਥੇਦਾਰ ਸਾਹਿਬਾਨ ਅਤੇ ਸੰਗਤਾਂ ਜੱਦੋ-ਜਹਿਦ ਕਰ ਰਹੀਆਂ ਹਨ ਪਰ 1 ਜੂਨ 2018 ਦੇ ਪੰਥਕ ਇਕੱਠ ਵਿੱਚ ਹਾਜਰ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਇਸ ਵਾਰ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਗਿਆ ਅਤੇ ਉਹ ਸਿੱਖ ਸੰਗਤਾਂ ਨਾਲ ਦਿਨ ਰਾਤ ਧਰਨੇ ਤੇ ਬੈਠ ਗਏ।ਇਸ ਲਈ ਸਾਡਾ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਇਸ ਬੇਹੱਦ ਗੰਭੀਰ ਮਸਲੇ ਤੇ ਜਥੇਦਾਰ ਜੀ ਦਾ ਸਾਥ ਦੇਣ ਲਈ ਵਹੀਰਾਂ ਘੱਤ ਕੇ ਦਾਣਾ ਮੰਡੀ ਬਰਗਾੜੀ ਵਿਖੇ ਪਹੁੰਚੀਏ ਅਤੇ ਸਰਕਾਰ ਦੀਆਂ ਜੜ੍ਹਾਂ ਨੂੰ ਹਿੱਲਾ ਕੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਮਜ਼ਬੂਰ ਕੀਤਾ ਜਾਵੇ।


