ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂ (ਏਟਕ) ਵੱਲੋਂ ਸੇਵਾਮੁਕਤੀ ਤੇ ਸ਼ਾਨਦਾਰ ਸਨਮਾਨ ਸਮਾਰੋਹ ਕੀਤਾ ਗਿਆ

ਮੋਗਾ, 29 ਨਵੰਬਰ (ਜਸ਼ਨ)-ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੁਨੀਅਨ (ਏਟਕ) ਬ੍ਰਾਂਚ ਮੋਗਾ ਵੱਲੋਂ ਪਿਛਲੇ ਸਮੇਂ ਦੌਰਾਨ ਸੇਵਾਮੁਕਤ ਹੋਏ ਸਾਥੀਆਂ ਦਾ ਸੇਵਾਮੁਕਤੀ ਸਨਮਾਨ ਸਮਾਰੋਹ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਧੂਮ ਧਾਮ ਨਾਲ ਕੀਤਾ ਗਿਆ। ਇਸ ਮੌਕੇ ਸਨਮਾਨਿਤ ਹੋਣ ਵਾਲੇ ਸਾਥੀ ਸ਼੍ਰੀ ਬਲਵਿੰਦਰ ਸਿੰਘ ਡਰਾਈਵਰ ਨੰ: 17, ਰਜਿੰਦਰ ਸਿੰਘ ਡੀ.ਪੀ.ਏ., ਰਾਮਦਿੱਤਾ ਸੇਵਾਦਾਰ ਸ਼ਾਮਲ ਸਨ ਜਿਨ੍ਹਾਂ ਨੂੰ ਜਥੇਬੰਦੀ ਵੱਲੋਂ ਧਾਲੀਵਾਲ ਯਾਦਗਾਰੀ ਸ਼ੀਲਡ, ਸੋਨੇ ਦੀ ਇੱਕ ਛਾਪ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜਥੇਬੰਦੀ ਦੇ ਸੂਬਾਈ ਆਗੂ ਕਾ. ਜਗਦੀਸ਼ ਸਿੰਘ ਚਾਹਲ, ਦਰਸ਼ਨ ਸਿੰਘ ਟੂਟੀ ਨੇ ਇਹਨਾਂ ਸਾਥੀਆ ਦੀਆਂ ਸੇਵਾਵਾਂ ਅਤੇ ਜਥੇਬੰਦੀ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਇਹ ਸਾਥੀ ਜਥੇਬੰਦੀ ਵਿੱਚ ਪਹਿਲਾਂ ਵਾਂਗ ਹੀ ਕੰਮ ਕਰਦੇ ਤੇ ਸੰਘਰਸ਼ ਵਿੱਚ ਹਿੱਸਾ ਪਾਉਂਦੇ ਰਹਿਣਗੇ। ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 11 ਦਸੰਬਰ ਤੋਂ 15 ਦਸੰਬਰ ਤੱਕ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ, ਭਿ੍ਰਸ਼ਟਚਾਰ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਆਦਿ ਮਨਵਾਉਣ ਲਈ ਧਰਨੇ ਲਾਏ ਜਾਣਗੇ। ਜੇਕਰ ਸਰਕਾਰ ਵੱਲੋਂ ਉਪਰੋਕਤ ਮੰਗਾਂ ਸਬੰਧੀ ਕੋਈ ਸਾਰਥਿਕ ਉਪਰਾਲਾ ਨਹੀਂ ਕੀਤਾ ਜਾਂਦਾ ਤਾਂ ਸਮੁੱਚਾ ਰੋਡਵੇਜ਼/ ਪਨਬੱਸ ਕਾਮਾ 4 ਜਨਵਰੀ 2018 ਨੂੰ ਇੱਕ ਦਿਨ ਦੀ ਮੁਕੰਮਲ ਹੜ੍ਹਤਾਲ ਕਰੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਖੁਖਰਾਣਾ ਸੱਭਿਆਚਾਰਕ ਗਰੁੱਪ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮੇਂ ਪ੍ਰਧਾਨ ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਬਲਕਰਨ ਮੋਗਾ, ਇੰਦਰਜੀਤ ਭਿੰਡਰ, ਸੁਰਿੰਦਰ ਸਿੰਘ, ਜਗਦੇਵ ਸਿੰਘ, ਛਿੰਦਰਪਾਲ ਵਰ੍ਹੇ, ਗੁਰਪ੍ਰੀਤ ਸਿੰਘ, ਜੰਟ ਸਿੰਘ, ਜਗਰਾਜ ਬੁੱਟਰ ਤੇ ਡਿਪੂ ਦੇ ਵਰਕਰਜ਼, ਪੰਜਾਬ ਪੈਨਸ਼ਨਰਜ਼ ਯੁਨੀਅਨ ਦੇ ਆਗੂ ਚਮਕੌਰ ਸਿੰਘ ਡਗਰੂ, ਭੁਪਿੰਦਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ।


