ਕਰ ਵਿਭਾਗ ਵੱਲੋਂ ਈ.ਵੇਅ ਬਿੱਲ ਟਰੇਨਿੰਗ ਸੈਮੀਨਾਰ ਕਰਵਾਇਆ ਗਿਆ

ਮੋਗਾ,11 ਜਨਵਰੀ(ਜਸ਼ਨ)-ਸਹਾਇਕ ਕਮਿਸ਼ਨਰ ਸਟੇਟ ਟੈਕਸ ਮੋਗਾ ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਐਸ.ਟੀ ਤਹਿਤ 01 ਫ਼ਰਵਰੀ 2018 ਤੋਂ 50 ਹਜ਼ਾਰ ਰੁਪਏ ਤੋਂ ਵੱਧ ਅੰਤਰਰਾਜੀ ਖਰੀਦ/ਵਿਕਰੀ ‘ਤੇ ਲਾਗੂ ਹੋਣ ਜਾ ਰਹੇ ਈ.ਵੇਅ ਬਿੱਲ ਸਿਸਟਮ ਦੀ ਵਪਾਰੀਆਂ ਅਤੇ ਟਰਾਂਸਪੋਰਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਪਾਰੀਆਂ ਅਤੇ ਟਰਾਂਸਪੋਰਟਰਾਂ ਦਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਤਕਰੀਨ 70 ਦੇ ਕਰੀਬ ਵਪਾਰੀ ਅਤੇ ਟਰਾਂਸਪੋਰਟਰ ਮੌਜੂਦ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸਟੇਟ ਟੈਕਸ ਮੋਗਾ ਜਗਤਾਰ ਸਿੰਘ ਨੇ ਈ.ਵੇਅ ਬਿੱਲ ਸਿਸਟਮ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਵਪਾਰੀਆਂ ਨੂੰ ਈ.ਵੇਅ ਬਿੱਲ ਬਾਰੇ ਟਰੇਨਿੰਗ ਦੇਣ ਲਈ ਟੀਮ ਫਿਰੋਜ਼ਪੁਰ ਮੰਡਲ ਦਫ਼ਤਰ ਤੋਂ ਬੁਲਾਈ ਗਈ ਸੀ, ਜਿਸ ਵਿੱਚ ਸ਼੍ਰੀਮਤੀ ਰਜਨੀ ਦੇਵਗਨ, ਸਟੇਟ ਟੈਕਸ ਅਫ਼ਸਰ ਅਤੇ ਸ਼੍ਰੀ ਮਾਰੂਤੀ ਜਿੰਦਲ ਆਈ.ਟੀ.ਅਨੈਲਲਿਸਟ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਸੈਮੀਨਾਰ ਵਿੱਚ ਵਪਾਰੀਆਂ/ਟਰਾਂਸਪੋਰਟਰਾਂ ਨੂੰ ਈ.ਵੇਅ ਬਿੱਲ ਤੋਂ ਹੋਣ ਵਾਲੇ ਲਾਭਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਵਪਾਰੀਆਂ ਦੇ ਪ੍ਰਸ਼ਨਾਂ ਦੇ ਮੌਕੇ ‘ਤੇ ਉੱਤਰ ਦਿੱਤੇ ਗਏ। ਇਸ ਤੋ ਇਲਾਵਾ ਪ੍ਰੋਜੈਕਟਰ ਸਕਰੀਨ ਰਾਹੀਂ ਪ੍ਰੈਕਟੀਕਲ ਟਰੇਨਿੰਗ ਵੀ ਦਿੱਤੀ ਗਈ। ਸੈਮੀਨਾਰ ਦੌਰਾਨ ਵਪਾਰੀਆਂ ਵਿੱਚ ਵੀ ਭਰਪੂਰ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਆਬਕਾਰੀ ਤੇ ਕਰ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।