ਰਿਟਾ: ਡੀ.ਐਸ.ਪੀ. ਸੁਖਦੇਵ ਸਿੰਘ ਨੇ ਲੋੜਵੰਦਾਂ ਨੂੰ ਠੰਡ ਤੋਂ ਬਚਾਉਣ ਲਈ 300 ਜੋੜੇ ਗਰਮ ਜੁਰਾਬਾਂ ਵੰਡੀਆਂ

ਮੋਗਾ, 12 ਜਨਵਰੀ (ਜਸ਼ਨ)-ਰਿਟਾਇਰਡ ਡੀ. ਐਸ. ਪੀ. ਸੁਖਦੇਵ ਸਿੰਘ ਵਾਸੀ ਬਸਤੀ ਗੋਬਿੰਦਗੜ ਮੋਗਾ ਵੱਲੋਂ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਠੰਡ ਤੋਂ ਬਚਾਉਣ ਵਾਸਤੇ 300 ਜੋੜੀ ਗਰਮ ਜੁਰਾਬਾਂ ਵੰਡੀਆਂ ਗਈਆਂ । ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਦਫਤਰ ਵਿੱਚ 160 ਵਿਧਵਾ ਔਰਤਾਂ ਨੂੰ ਉਹਨਾਂ ਵੱਲੋਂ ਗਰਮ ਜੁਰਾਬਾਂ ਵੰਡੀਆਂ ਗਈਆਂ । ਇਹ ਜੁਰਾਬਾਂ ਬਾਘਾ ਪੁਰਾਣਾ ਦੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਆਪਣੇ ਹੱਥਾਂ ਨਾਲ ਲੋੜਵੰਦਾਂ ਨੂੰ ਵੰਡੀਆਂ ਗਈਆਂ । ਇਸ ਮੌਕੇ ਟਰੱਸਟ ਦੇ ਪ੍ਧਾਨ ਹਰਜਿੰਦਰ ਚੁਗਾਵਾਂ ਅਤੇ ਐਨ ਜੀ ਓ ਪ੍ਧਾਨ ਗੋਕਲ ਚੰਦ ਨੇ ਦੱਸਿਆ ਕਿ ਸ੍ੀ ਮੁਕਤਸਰ ਸਾਹਿਬ ਤੋਂ ਡੀ ਐਸ ਪੀ ਰਿਟਾਇਰ ਹੋਏ ਸ. ਸੁਖਦੇਵ ਸਿੰਘ ਛੇ ਮਹੀਨੇ ਪਹਿਲਾਂ ਹੀ ਰੂਰਲ ਐਨ.ਜੀ.ਓ. ਮੋਗਾ ਅਤੇ ਸਰਬੱਤ ਦਾ ਭਲਾ ਚਰੀਟੇਬਲ ਟਰੱਸਟ ਮੋਗਾ ਨਾਲ ਜੁੜੇ ਹਨ ਤੇ ਉਦੋਂ ਤੋਂ ਹੀ ਉਹ ਹਰ ਸਮਾਜ ਸੇਵੀ ਗਤੀਵਿਧੀ ਵਿੱਚ ਅੱਗੇ ਹੋ ਕੇ ਹਿੱਸਾ ਲੈ ਰਹੇ ਹਨ । ਉਹ ਖੁਦ ਪਿਛਲੇ ਕਈ ਦਿਨ ਤੋਂ ਸ਼ਹਿਰ ਵਿੱਚ ਤੁਰ ਫਿਰ ਕੇ ਲੋੜਵੰਦਾਂ ਦੀ ਪਹਿਚਾਣ ਕਰਕੇ ਜੁਰਾਬਾਂ ਵੰਡ ਰਹੇ ਹਨ ਤੇ ਬਾਕੀ ਜੁਰਾਬਾਂ ਅੱਜ ਇਹਨਾਂ ਵਿਧਵਾ ਔਰਤਾਂ ਵਿੱਚ ਵੰਡ ਦਿੱਤੀਆਂ ਗਈਆਂ । ਉਨਾਂ ਸੁਖੇਦਵ ਸਿੰਘ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਗਰੀਬ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਕੀਤੇ ਗਏ ਇਸ ਭਲਾਈ ਦੇ ਕੰਮ ਲਈ ਬਹੁਤ ਬਹੁਤ ਧੰਨਵਾਦ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਕੈਸ਼ੀਅਰ ਦਵਿੰਦਰਜੀਤ ਗਿੱਲ, ਦਰਸ਼ਨ ਸਿੰਘ ਲੋਪੋ, ਰਣਜੀਤ ਸਿੰਘ ਮਾੜੀ ਮੁਸਤਫਾ, ਹਰਸ਼ਦੀਪ ਸਿੰਘ ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ ।


