ਸੜਕ ਹਾਦਸੇ 'ਚ ਅਧਿਆਪਕ ਦੀ ਮੌਤ ,25 ਵਿਦਿਆਰਥੀ ਜ਼ਖਮੀ,ਕੈਪਟਨ ਅਮਰਿੰਦਰ ਸਿੰਘ ਨੇ ਸੜਕ ਹਾਦਸੇ ਵਿੱਚ ਅਧਿਆਪਕ ਦੇ ਮਾਰੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਗੋਰਾਇਆਂ,16 ਜਨਵਰੀ (ਜਸ਼ਨ)- ਅੱਜ ਸਵੇਰੇ ਮੋਗਾ ਜਲੰਧਰ ਰੋਡ 'ਤੇ ਪਿੰਡ ਗੋਰਾਇਆਂ ਕੋਲ ਬੱਸ ਦੇ ਖੜ•ੇ ਟਰੱਕ ਨਾਲ ਟਕਰਾ ਜਾਣ ਕਰਕੇ ਇਕ ਅਧਿਆਪਕ ਦੀ ਮੌਤ ਹੋ ਗਈ ਜਦਕਿ 25 ਸਕੂਲੀ ਬੱਚੇ ਗੰਭੀਰ ਜਖ਼ਮੀ ਹੋ ਗਏ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਹਾਦਸੇ ਵਿੱਚ ਇਕ ਅਧਿਆਪਕ ਦੇ ਮਾਰੇ ਜਾਣ ਅਤੇ ਵਿਦਿਆਰਥੀਆਂ ਦੇ ਜ਼ਖਮੀ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਮੁੱਖ ਮੰਤਰੀ ਨੇ ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਦੇ ਵਧੀਆ ਤੋਂ ਵਧੀਆ ਅਤੇ ਮੁਫਤ ਇਲਾਜ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਜਾਰੀ ਕੀਤੇ ਹਨ।ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਅਧਿਆਪਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਉਸਦੀ ਆਤਮਾ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਿਵਾਰ ਨੂੰ ਬੱਲ ਬਖਸ਼ਣ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਜ਼ਖਮੀ ਵਿਦਿਆਰਥੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ।ਮੋਗਾ ਜਲੰਧਰ ਰੋਡ 'ਤੇ ਪਿੰਡ ਗੋਰਾਇਆਂ ਕੋਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਗਰੂਰ ਜ਼ਿਲ•ੇ ਦੇ ਪਿੰਡ ਤੁੰਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 47 ਵਿਦਿਆਰਥੀ ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਟੂਰ ਲਈ ਜਾ ਰਹੇ ਸਨ । ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਵੱਲੋਂ ਹਾਦਸਾਗ੍ਰਸਤ ਬੱਸ ਵਿਚ ਸਵਾਰ ਵਿਦਿਆਰਥੀਆਂ ਦੀ ਦੇਖਰੇਖ ਲਈ ਮੌਕੇ 'ਤੇ ਭੇਜੇ ਸਕੂਲ ਦੇ ਪਿੰ੍ਰ: ਪਰਮਜੀਤ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ' ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਮੁੱਚੇ ਪੰਜਾਬ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਦਿਖਾਉਣ ਦੇ ਪ੍ਰੋਗਰਾਮ ਤਹਿਤ ਇਹ ਵਿਦਿਆਰਥੀ ਅੱਜ ਸਵੇਰੇ 7 ਵਜੇ ਦੇ ਕਰੀਬ ਸਰਕਾਰੀ ਬੱਸ 'ਤੇ ਰਵਾਨਾ ਹੋਏ ਸਨ ਅਤੇ ਇਹਨਾਂ ਨਾਲ ਦੋ ਸਾਇੰਸ ਅਧਿਆਪਕਾਵਾਂ ਅਤੇ ਇਕ ਡਰਾਇੰਗ ਅਧਿਆਪਕ ਗੁਰਚਰਨ ਸਿੰਘ ਬੱਚਿਆਂ ਦੀ ਦੇਖ ਰੇਖ ਲਈ ਬੱਸ ਵਿਚ ਸਵਾਰ ਸਨ । ਉਹਨਾਂ ਦੱਸਿਆ ਕਿ ਸਵੇਰ ਸਮੇਂ ਮੌਸਮ ਠੀਕ ਸੀ ਪਰ ਗੁਰਾਇਆਂ ਕੋਲ ਧੁੰਦ ਕਾਰਨ ਇਹ ਬੱਸ ਸੜਕ 'ਤੇ ਖੜ•ੇ ਟਿੱਪਰ ਟਰੱਕ ਨਾਲ ਜਾ ਟਕਰਾਈ । ਉਹਨਾਂ ਦੱਸਿਆ ਕਿ ਟੱਕਰ ਇਨੀ ਭਿਆਨਕ ਸੀ ਕਿ ਹਾਦਸੇ ਉਪਰੰਤ ਬਹੁਤ ਸਾਰੇ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਹ ਦੋਨਾਂ ਅਧਿਆਪਕਾਵਾਂ ਸਮੇਤ ਬੱਸ ਵਿਚੋਂ ਬਾਹਰ ਆਉਣ ਵਿਚ ਸਫ਼ਲ ਹੋ ਗਏ ਪਰ ਡਰਾਈਵਰ ਦੇ ਉਲਟ ਪਾਸੇ ਕੰਡਕਟਰ ਸੀਟ 'ਤੇ ਬੈਠੇ ਡਰਾਇੰਗ ਮਾਸਟਰ ਗੁਰਚਰਨ ਸਿੰਘ ਬੁਰੀ ਤਰਾਂ ਹਾਦਸਾਗ੍ਰਸਤ ਬੱਸ ਵਿਚ ਫਸ ਗਿਆ ਜਿਸ ਨੂੰ ਬਾਅਦ ਵਿਚ ਕਰੇਨ ਦੀ ਸਹਾਇਤਾ ਨਾਲ ਬੱਸ ਪਿੱਛੇ ਕਰਕੇ ਕੱਢਿਆ ਗਿਆ। ਉਹਨਾਂ ਦੱਸਿਆ ਕਿ ਗੁਰਚਰਨ ਸਿੰਘ ਦੀ ਇਸ ਹਾਦਸੇ ਵਿਚ ਮੌਕੇ 'ਤੇ ਹੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਦੀ ਰਿਟਾਇਰਮੈਂਟ ਵਿਚ ਸਿਰਫ ਇਕ ਸਾਲ ਰਹਿੰਦਾ ਸੀ ਅਤੇ ਅਜੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੀ ਬੇਟੀ ਦੀ ਮੰਗਣੀ ਕੀਤੀ ਸੀ ਪਰ ਹੁਣ ਉਸ ਦੀ ਬੇਟੀ ਤੇ ਛੋਟੇ ਬੇਟੇ ਨੂੰ ਕਦੇ ਵੀ ਬਾਪ ਦਾ ਆਸ਼ੀਰਵਾਦ ਨਹੀਂ ਮਿਲੇਗਾ । ਇਸ ਘਟਨਾ ਵਿਚ ਜ਼ਖਮੀ ਬੱਚਿਆਂ ਨੂੰ ਫਗਵਾੜਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ।ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ ਨੇ ਹਸਪਤਾਲ ਪਹੁੰਚ ਕੇ ਜਖਮੀ ਵਿਦਿਆਰਥੀਆਂ ਦਾ ਹਾਲਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਵਿਦਿਆਰਥੀਆਂ ਦੀ ਪੂਰੀ ਤਰਾਂ ਦੇਖਰੇਖ ਕਰਨ ਦੀ ਅਪੀਲ ਕੀਤੀ । ਇਸ ਘਟਨਾ ਉਪਰੰਤ ਸਰਕਾਰੀ ਸਕੂਲਾਂ ਵਿਚ ਸਾਇੰਸ ਸਿਟੀ ਦੇ ਟੂਰ ਪ੍ਰੋਗਰਾਮ ਨੂੰ ਧੱਕਾ ਪਹੁੰਚਣ ਦਾ ਅੰਦੇਸ਼ਾ ਪਾਇਆ ਜਾ ਰਿਹਾ ਹੈ ਕਿਉਂਕਿ ਜਿਥੇ ਪਹਿਲਾਂ ਵਿਦਿਆਰਥੀ ਚਾਈਂ ਚਾਈਂ ਸਾਇੰਸ ਸਿਟੀ ਲਈ ਰਵਾਨਾ ਹੁੰਦੇ ਸਨ ਉੱਥੇ ਹੁਣ ਖਦਸ਼ਾ ਹੈ ਕਿ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਟੂਰਾਂ 'ਤੇ ਭੇਜਣ ਤੋਂ ਗੁਰੇਜ਼ ਕਰਨਗੇ। ਇਸ ਸਬੰਧੀ ਮੋਗਾ ਜ਼ਿਲ•ੇ ਦੇ ਸਾਇੰਸ ਸੁਪਰਵਾਈਜ਼ਰ ਸ: ਨਿਸ਼ਾਨ ਸਿੰਘ ਸੰਧੂ ਨੇ 'ਸਾਡਾ ਮੋਗਾ ਡੌਟ ਕੌਮ' ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਇਸ ਹਾਦਸੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਹਾਲ ਦੀ ਘੜੀ ਇਹ ਪ੍ਰੋਗਰਾਮ ਨੂੰ ਰੋਕਣ ਦੇ ਆਦੇਸ਼ ਨਾ ਮਿਲਣ ਕਰਕੇ ਟੂਰ ਪ੍ਰੋਗਰਾਮ ਨਿਰੰਤਰ ਜਾਰੀ ਰਹਿਣਗੇ। ਇਸ ਸਬੰਧੀ ਹੈੱਡ ਆਫਿਸ ਚੰਡੀਗੜ• ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅੱਗੇ ਪਾਉਣ ਸਬੰਧੀ ਅਜੇ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


