ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਮਾਗਮ ਸਬੰਧੀ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ

ਫ਼ਿਰੋਜ਼ਪੁਰ, 24 ਜਨਵਰੀ (ਪੰਕਜ ਕੁਮਾਰ ) ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ ਰਾਸ਼ਟਰੀ ਤਿਰੰਗਾ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 9 ਵਜੇਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੋਂ ਬਾਅਦ 9:58 ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਪੁਲਿਸ, ਪੰਜਾਬ ਹੋਮ ਗਾਰਡ ਅਤੇ ਐਨ.ਸੀ.ਸੀ. ਦੀ ਪਰੇਡ ਤੋਂ ਇਲਾਵਾ ਫ਼ੌਜ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਬੈਂਡ ਅਤੇ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਤੇ ਗੱਤਕਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆ ਵੱਲੋਂ ਦੇਸ਼ ਭਗਤੀ ਨੂੰ ਸਮਰਪਿਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਹਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਗਣਤੰਤਰਤਾ ਦਿਵਸ ਦੇ ਸਬੰਧ ਵਿੱਚ ਪੂਰੇ ਜ਼ਿਲ੍ਹੇ ਅੰਦਰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ  ਅਤੇ ਰੂਟ ਪਲਾਨ ਬਣਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਸ਼ਚਿਤ ਕੀਤੀਆਂ ਪਾਰਕਿੰਗ ਵਾਲੀਆਂ ਥਾਵਾਂ ‘ਤੇ ਹੀ ਆਪਣੀਆਂ ਗੱਡੀਆਂ ਪਾਰਕ ਕਰਨ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕਰਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ, ਐੱਸ.ਡੀ.ਐੱਮ ਹਰਜੀਤ ਸਿੰਘ ਸੰਧੂ, ਸ੍ਰੀ. ਨਮਨ ਮਰਕਨ ਜੀ.ਏ, ਸ੍ਰੀ. ਪ੍ਰਦੀਪ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.), ਸ੍ਰ. ਪ੍ਰਗਟ ਸਿੰਘ ਬਰਾੜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂ), ਸ੍ਰ. ਸੁਖਵਿੰਦਰ ਸਿੰਘ ਡਿਪਟੀ ਡੀ.ਈ.ਓ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰੀ. ਰਜਿੰਦਰ ਕਟਾਰੀਆਂ ਮੱਛੀ ਬਾਲਣ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ।