ਗਮਗੀਨ ਅਵਾਜ਼ ਨਾਲ ਆਲਮ ਨੂੰ ਮੋਹ ਲੈਣ ਵਾਲਾ ਸਾਬਰ ਕੋਟੀ ਨਹੀਂ ਰਿਹਾ

ਲੁਧਿਆਣਾ,25 ਜਨਵਰੀ (ਕੁਲਦੀਪ ਲੋਹਟ)-ਪੰਜਾਬੀ ਸੰਗੀਤ ਜਗਤ ਲਈ ਅੱ! ਦਾ ਦਿਨ ਭਵਿੱਖ ਵਿਚ ਉਦਾਸ ਦਿਨ ਵਜੋਂ ਜਾਣਿਆ ਜਾਇਆ ਕਰੇਗਾ ਕਿਉਂਕਿ ਪੰਜਾਬੀਆਂ ਨੂੰ ਅੱਜ ਇਹ ਖਬਰ ਬੜੇ ਦੁੱਖ ਨਾਲ ਪੜ੍ਹਨੀ ਪੈ ਰਹੀ ਹੈ ਕਿ ਉਦਾਸ ਗੀਤਾਂ ਨਾਲ ਸਭ ਦਾ ਮਨ ਮੋਹ ਲੈਣ ਵਾਲੀ ਅਵਾਜ਼ ਦਾ ਮਾਲਕ ਸਾਬਰ ਕੋਟੀ ਇਸ ਦੁਨੀਆਂ ਵਿੱਚ ਨਹੀ ਰਿਹਾ। ਉਹ ਪਿਛਲੇ ਕੁਝ ਸਮੇ ਤੋਂ ਸਿਹਤਯਾਬ ਨਹੀਂ ਸੀ। ਪੰਜਾਬੀ ਸੰਗੀਤਕ ਖੇਤਰ ‘ਚ ਸਾਬਰ ਕੋਟੀ ਇਕ ਨਾਮ ਹੀ ਨਹੀਂ ਬਲਕਿ ਸੰਗੀਤ ਦੀ ਇਕ ਚਲਦੀ ਫਿਰਦੀ ਅਕੈਡਮੀ ਸੀ। ਸੁਰੀਲੇ ਲੋਕਾਂ ਦੀ ਜਿਥੇ ਵੀ ਗੱਲ ਚਲਦੀ ਓਥੇ ਸਾਬਰ ਕੋਟੀ ਦਾ ਨਾਮ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਰਿਹੈ ਤੇ ਰਹਿੰਦੀ ਦੁਨੀਆ ਤਕ ਇਸੇ ਤਰ੍ਹਾਂ ਹੀ ਓਹਨਾਂ ਨੂੰ ਸਤਿਕਾਰਿਆ ਜਾਵੇਗਾ। ਹਸਮੁੱਖ ਤੇ ਮਿਲਣਸਾਰ ਤਬੀਅਤ ਦਾ ਮਾਲਕ ਸਾਬਰ ਕੋਟੀ ਦਾ ਆਪਣਾ ਵਿਸ਼ੇਸ਼ ਸਰੋਤਾ ਵਰਗ ਸਥਾਪਿਤ ਸੀ। ਸਾਬਰ ਕੋਟੀ ਦੇ ਚਰਚਿਤ ਗੀਤਾਂ ਵਿੱਚ “ਓਹ ਮੌਸਮ ਵਾਂਗੂੰ ਬਦਲ ਗਏ, ਅਸੀਂ ਰੁੱਖਾਂ ਵਾਗੰੂ ਖੜ੍ਹੇ ਰਹੇ ’’ ਅਤੇ ‘‘ਹੰਝੂਆਂ ਦੇ ਵਿਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ,ਜਾ ਬੇਕਦਰੇ ਤੇਰੇ ਬਾਝੋ ਜੀਣਾ ਸਿੱਖ ਲਿਆ’’ ਆਦਿ ਉਦਾਸ ਗੀਤਾਂ ਰਾਹੀਂ ਫਿਜ਼ਾਵਾਂ ‘ਚ ਗਮਗੀਨ ਅਵਾਜ਼ ਨਾਲ ਆਲਮ ਨੂੰ ਮੋਹ ਲੈਣ ਵਾਲਾ ਇਹ ਮਾਣਮੱਤਾ ਗਾਇਕ ਏਨੇ ਛੋਟੀ ਉਮਰ ਵਿਚ ਇਸ ਤਰਾਂ ਤੁਰ ਜਾਵੇਗਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਸਾਬਰ ਕੋਟੀ ਦੇ ਅਚਾਨਕ ਅਕਾਲ ਚਲਾਣੇ ‘ਤੇ ਰਾਜ ਗਾਇਕ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਮਨਮੋਹਣ ਵਾਰਿਸ,ਸੋਹਣ ਸਿਕੰਦਰ, ਫਿਰੋਜ਼ ਖਾਨ, ਨਛੱਤਰ ਗਿੱਲ, ਉਸਤਾਦ ਪੂਰਨ ਸ਼ਾਹਕੋਟੀ, ਅਮਰ ਆਡੀਓ ਦੇ ਮਾਲਕ ਪਿੰਕੀ ਧਾਲੀਵਾਲ ,ਲੇਖਕ ਅਮਰ ਸੂਫ਼ੀ ,ਪਰਵਾਸੀ ਲੇਖਕ ਸੁਰਜੀਤ ਸਿੰਘ ਕਾਉਂਕੇ ਆਦਿ ਨੇ ਕਿਹਾ ਸਾਬਰ ਕੋਟੀ ਦੇ ਅਚਾਨਕ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਅਜੋਕੇ ਸਮੇਂ ਵਿਚ ਨੌਜਵਾਨ ਗਾਇਕਾਂ ਨੂੰ ਅਜਿਹੇ ਪਰਪੱਕ ਗਾਇਕ ਦੀ ਗਾਇਕੀ ਤੋਂ ਸੇਧ ਲੈਣ ਦੀ ਲੋੜ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੀ ਸਮੁੱਚੀ ਟੀਮ ਸੰਗੀਤ ਦੀਆਂ ਧੁਨਾਂ ਨਾਲ ਲਬਰੇਜ਼ ਇਸ ਮਹਾਨ ਆਤਮਾ ਨੂੰ ਸੱਜਦਾ ਕਰਦਿਆਂ ਉਸ ਰੱਬ ਸੱਚੇ ਨੂੰ ਅਰਜੋਈਆਂ ਕਰਦੀ ਹੈ ਕਿ ਉਹ ਗੁਰੂਆਂ ਪੀਰਾਂ ਅਤੇ ਫਕੀਰਾਂ ਦੀ ਇਸ ਪਵਿੱਤਰ ਧਰਤੀ ਪੰਜਾਬ ਨੂੰ ਅਜਿਹੇ ਸੁਰੀਲੇੇ ਗਾਇਕ ਬਖਸ਼ਦਾ ਰਹੇ।


