22 ਮਾਰਚ ਨੂੰ 12 ਵਜੇ ਤੋਂ 2 ਵਜੇ ਤੱਕ ਪੰਜਾਬ ਵਿੱਚ ਬੱਸ ਸਟੈਂਡ ਮੁਕੰਮਲ ਬੰਦ ਕਰਕੇ ਕੀਤੀਆਂ ਜਾਣਗੀਆਂ ਰੋਸ ਰੈਲੀਆਂ

ਮੋਗਾ, 19 ਮਾਰਚ (ਜਸ਼ਨ) -ਐਕਸ਼ਨ ਕਮੇਟੀ ਦੇ ਸੱਦੇ ਉਪਰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਵਰਕਰਾਂ ਨੇ ਪੰਜਾਬ ਰੋਡਵੇਜ਼ ਮੋਗਾ ਦੇ ਡਿਪੂ ਦੇ ਗੇਟ ਉੱਪਰ ਵਿਸ਼ਾਲ ਰੈਲੀ ਕਰਕੇ ਪੰਜਾਬ ਸਰਕਾਰ ਦੀਆਂ ਟਰਾਂਸਪੋਰਟ ਵਿਰੋਧੀ ਨੀਤੀਆਂ ਦੀ ਜੰਮ ਕੇ ਅਲੋਚਨਾ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ ਨੇ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮ ਨਵੀਂ ਬਣੀ ਸਰਕਾਰ ਤੋਂ ਆਸ ਕਰਦੇ ਸਨ ਕਿ ਸਰਕਾਰ ਮਾਨਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਦਾ ਫੈਸਲਾ ਇੰਨਬਿੰਨ ਲਾਗੂ ਕਰੇਗੀ ਅਤੇ ਜਿਹੜੇ ਟ੍ਰਾਂਸਪੋਰਟ ਦੇ ਉੱਚ ਅਧਿਕਾਰੀਆਂ ਨੇ ਸਰਕਾਰੀ ਟ੍ਰਾਂਸਪੋਰਟ ਨੂੰ ਵੱਡੀ ਪੱਧਰ ਤੇ ਚੂਨਾ ਲਗਾ ਕੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੇ ਘਰ ਭਰੇ ਹਨ ਉਹਨਾਂ ਨੂੰ ਯੋਗ ਸਜ਼ਾ ਦੇਵੇਗੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਕੋਲੋਂ ਬਣਦੀਆਂ ਰੀਕਵਰੀਆਂ ਕਰੇਗੀ। ਪਰ ਸਰਕਾਰ ਵੱਲੋਂ ਵੱਡੇ ਘਰਾਣਿਆਂ ਦੇ ਨਾਲ ਮਿਲੀ ਭੁਗਤ ਹੋਣ ਕਰਕੇ ਉਹਨਾਂ ਨੂੰ ਸਿਰਫ਼ ਨੋਟਿਸ ਦੇ ਕੇ ਹਾਈਕੋਰਟ ਜਾਣ ਦਾ ਸਮਾਂ ਦੇਣ ਨਾਲ ਸਟੇਅ ਮਿਲਣ ਦੇ ਬਹਾਨੇ ਉਹਨਾਂ ਦੇ ਹਿੱਤ ਪੂਰੇ ਜਾ ਰਹੇ ਹਨ। ਠੇਕੇ ਉੱਪਰ ਲੱਗੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਸਰਕਾਰ ਮੁੱਕਰ ਗਈ ਹੈ। ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਤੋਂ ਸਰਕਾਰ ਦਾ ਕੋਰਾ ਜਵਾਬ, ਠੇਕੇ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ 40% ਵਾਧੇ ਤੋਂ ਵੀ ਸਰਕਾਰ ਭੱਜ ਗਈ ਹੈ। ਪੰਜਾਬ ਰੋਡਵੇਜ਼ ਵਿੱਚ ਨਵੀਆਂ ਬੱਸਾਂ ਦੇ ਲਈ ਫੰਡਜ਼ ਬਾਰੇ ਸਰਕਾਰ ਚੁੱਪ ਹੈ ਸਗੋਂ ਪਨਬੱਸ ਵਿੱਚ ਨਵੀਆਂ ਬੱਸਾਂ ਪਾਉਣ ਦੇ ਲਈ ਕਰਜ਼ਾ ਮਨਜੂਰ ਹੋਣ ਦੇ ਬਾਵਜੂਦ ਬਿਨਾਂ ਵਜਾ ਦੇਰੀ ਕੀਤੀ ਜਾ ਰਹੀ ਹੈ ਜਿਸ ਤੋਂ ਖਫ਼ਾ ਹੋ ਕੇ ਐਕਸ਼ਨ ਕਮੇਟੀ ਨੇ 8 ਮਾਰਚ 2018 ਨੂੰ ਜਲੰਧਰ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਕਿ 19 ਮਾਰਚ ਦੀਆਂ ਗੇਟ ਰੈਲੀਆਂ ਤੋਂ ਬਾਅਦ 22 ਮਾਰਚ 2018 ਨੂੰ ਪੰਜਾਬ ਭਰ ਵਿੱਚ 12 ਵਜੇ ਤੋਂ 2 ਵਜੇ ਤੱਕ ਬੱਸ ਸਟੈਂਡ ਮੁਕੰਮਲ ਬੰਦ ਕਰਕੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਮਿਤੀ 3, 4, 5 ਅਪ੍ਰੈਲ 2018 ਨੂੰ ਡਾਇਰੈਕਟਰ ਦਫ਼ਤਰ ਲਗਾਤਾਰ ਤਿੰਨ ਦਿਨ ਧਰਨਾ ਦਿੱਤਾ ਜਾਵੇਗਾ। ਉਸ ਤੋਂ ਬਾਅਦ 24 ਅਪ੍ਰੈਲ ਨੂੰ ਗੇਟ ਰੈਲੀ ਕਰਕੇ ਮਿਤੀ 26 ਅਪ੍ਰੈਲ ਨੂੰ ਚੰਡੀਗੜ ਵਿਖੇ ਲਾਮਿਸਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਸਰਕਾਰ ਵੱਲੋਂ ਫਿਰ ਵੀ ਆਪਣੇ ਫੈਸਲਿਆਂ ਉੱਪਰ ਮੁੜ ਵਿਚਾਰ ਕਰਨ ਦੀ ਲੋੜ ਨਾ ਸਮਝੀ ਤਾਂ ਜ਼ੋਨਲ ਰੈਲੀਆਂ ਕਰਨ ਤੋਂ ਬਾਅਦ 23 ਮਈ 2018 ਨੂੰ ਇੱਕ ਦਿਨ ਦੀ ਹੜਤਾਲ ਕੀਤੀ ਜਾਵੇਗੀ। ਅੱਜ ਦੀ ਰੈਲੀ ਵਿੱਚ ਬੁਲਾਰੇ ਸਾਥੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਵੱਲੋਂ 21 ਫਰਵਰੀ 2018 ਨੂੰ ਕੀਤੀ ਗਈ 100% ਸਫ਼ਲ ਹੜਤਾਲ ਦੀ ਤਨਖਾਹ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਕਾਮਾ ਸਖ਼ਤ ਐਕਸ਼ਨ ਦੇ ਲਈ ਮਜ਼ਬੂਰ ਹੋਵੇਗੀ ਜਿਸਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਅੱਜ ਦੀ ਰੈਲੀ ਵਿੱਚ ਸੂਬਾਈ ਆਗੂ ਪੋਹਲਾ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਬਲਜਿੰਦਰ ਸਿੰਘ ਪਨਬੱਸ ਤੋਂ ਇਲਾਵਾ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਭਿੰਡਰ (ਏਟਕ), ਪਰਦੀਪ ਸਿੰਘ, ਦੁਪਿੰਦਰ ਸਿੰਘ ਕਰਮਚਾਰੀ ਦਲ, ਖੁਸ਼ਪਾਲ ਰਿਸ਼ੀ, ਆਤਮਾ ਸਿੰਘ ਇੰਟਕ ਆਗੂ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਜੱਸਾ ਪਨਬੱਸ, ਚਮਕੌਰ ਸਿੰਘ ਡਗਰੂ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਆਗੂ ਅਤੇ ਪੈਨਸ਼ਨਰਜ਼ ਸਾਥੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।