ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੀ ਮੌਤ

ਮੋਗਾ, 19 ਮਾਰਚ (ਜਸਵੰਤ ਸਮਾਲਸਰ)-ਅੱਜ ਸਵੇਰੇ ਤੜਕਸਾਰ ਮੋਗਾ ਕੋਟਕਪੁਰਾ ਮਾਰਗ ’ਤੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ  ਏ ਐੱਸ ਆਈ ਜਗਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਤਲਾਸ਼ੀ ਦੌਰਾਨ ਮਿ੍ਰਤਕ ਵਿਅਕਤੀ ਦੀ ਜੇਬ ਵਿਚੋਂ ਮਿਲੀ ਪਰਚੀ ਮੁਤਾਬਕ ਮਿ੍ਰਤਕ ਵਿਅਕਤੀ ਦਾ ਨਾਮ ਕਾਕਾ ਸਿੰਘ ਪੁੱਤਰ ਅਮਰ ਸਿੰਘ ਹੈ ਤੇ ਉਹ ਫਰੀਦਕੋਟ ਜ਼ਿਲੇ ਦੇ ਪਿੰਡ ਔਲਖ ਨਾਲ ਸਬੰਧਤ ਹੈ। ਪੁਲਿਸ ਵੱਲੋਂ ਪਿੰਡ ਔਲਖ ਦੇ ਗੁਰਦੁਆਰਾ ਸਾਹਿਬ ’ਚ ਅਵਾਜ਼ ਦਿਵਾਈ ਗਈ ਜਿਸ ’ਤੇ ਪਿੰਡ ਵਾਸੀਆਂ ਨੇ ਤਸਦੀਕ ਕੀਤਾ ਕਿ ਮਿ੍ਰਤਕ ਉਹਨਾਂ ਦੇ ਪਿੰਡ ਦਾ ਹੀ ਹੈ ਪਰ ਪਿਛਲੇ 20-25 ਸਾਲ ਤੋਂ ਉਹ ਤੇ ਉਸ ਦਾ ਭਰਾ ਪਿੰਡ ਔਲਖ ਦੀ ਜ਼ਮੀਨ ਵੇਚ ਕੇ ਬੀਕਾਨੇਰ ਚੱਲੇ ਗਏ ਸਨ , ਪਰ ਇਸ ਸਮੇਂ ਮਿ੍ਰਤਕ ਕਾਕਾ ਸਿੰਘ ਕਿੱਥੇ ਰਹਿ ਰਿਹਾ ਸੀ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ । ਪੁਲਿਸ ਦਾ ਅੰਦਾਜ਼ਾ ਹੈ ਕਿ ਉਹ ਮਾੜੀ ਮੇਲੇ ਗਿਆ ਹੋਵੇਗਾ ਅਤੇ ਉਹ ਹੁਣ ਕੋਟਕਪੁਰੇ ਵਾਲੇ ਪਾਸੇ ਜਾ ਰਿਹਾ ਸੀ ਜਦੋਂ ਇਹ ਵਾਹਨ ਦੀ ਲਪੇਟ ਵਿਚ ਆ ਗਿਆ । ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ’ਤੇ ਪਰਚਾ ਦਰਜ ਕਰ ਲਿਆ ਹੈ।