ਮਨੀਲਾ ਵਿੱਚ ਹਰ ਸਾਲ ਕਤਲ ਹੋਣ ਵਾਲੇ ਮੁੰਡਿਆਂ ਵਿੱਚ ਇੱਕ ਹੋਰ ਨਾਂ ਜੁੜਿਆ

ਸਮਾਲਸਰ, 08 ਅਪ੍ਰੈਲ (ਗਗਨਦੀਪ ਸ਼ਰਮਾਂ)- ਬੀਤੇ ਦਿਨ ਦੀ ਸ਼ਾਮ ਵੇਲੇ ਸਮਾਲਸਰ ਵਾਸੀਆਂ ਲਈ ਬੜੀ ਦੁਖਦਾਈ ਖਬਰ ਸਾਹਮਣੇ ਆਈ ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਨੀਲਾ ਵਿੱਚ ਹਰ ਸਾਲ ਕਤਲ ਹੋਣ ਵਾਲੇ ਪੰਜਾਬੀ ਮੁੰਡਿਆਂ ਵਿੱਚ ਸਮਾਲਸਰ (ਮੋਗਾ) ਦੇ ਕੁਲਦੀਪ ਸਿੰਘ (32) ਦਾ ਨਾਂ ਵੀ ਜੁੜ ਗਿਆ।

ਮ੍ਰਿਤਕ ਦੇ ਭਰਾ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਤੇਰਾਂ ਸਾਲ ਉਸਦਾ ਭਰਾ ਕੁਲਦੀਪ ਸਿੰਘ ਆਪਣੀ ਧਰਤੀ ਛੱਡ ਕੇ ਦੂਜੇ ਮੁਲਕ ਵਿੱਚ ਰੋਜਗਾਰ ਦੀ ਤਲਾਸ਼ ਵਿੱਚ ਗਿਆ ਸੀ। ਹੌਲੀ-ਹੌਲੀ ਮਿਹਨਤ ਨਾਲ ਕੁਲਦੀਪ ਸਿੰਘ ਨੇ ਆਪਣਾ ਖੁਦ ਦਾ ਕਾਰੋਬਾਰ ਖੜਾ ਕਰ ਲਿਆ। ਉਸਦੇ ਨਾਲ ਮਨੀਲਾ ਵਿੱਚ ਪਤਨੀ ਰਾਜਵਿੰਦਰ ਕੌਰ ਅਤੇ ਲਾਡਲੀ ਧੀ ਰਮਨਦੀਪ ਕੌਰ (10) ਵੀ ਰਹਿ ਰਹੀਆਂ ਸਨ। ਕੱਲ ਸ਼ਾਮ ਜਦੋਂ ਉਹ ਆਪਣੇ ਕੰਮਕਾਰ ਲਈ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਲੁੱਟਣ ਦੀ ਨੀਯਤ ਨਾਲ ਕੁਲਦੀਪ ਸਿੰਘ ‘ਤੇ ਗੋਲੀ ਚਲਾਈ ਜਿਸ ਨਾਲ ਉਸਦੀ ਮੌਤ ਹੋ ਗਈ। ਕੁਲਦੀਪ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਨੇ ਉਸਦੀ ਪਤਨੀ ਤੇ ਬੇਟੀ ਨੂੰ ਜਲਦੀ ਨਾਲ ਵਾਪਸ ਪੰਜਾਬ ਬੁਲਾ ਲਿਆ। ਮ੍ਰਿਤਕ ਦੇ ਕੁਝ ਨਜਦੀਕੀ ਰਿਸ਼ਤੇਦਾਰ ਕੁਲਦੀਪ ਸਿੰਘ ਦੀ ਲਾਸ਼ ਲੈਣ ਲਈ ਵਿਦੇਸ਼ ਚਲੇ ਗਏ ਹਨ ਇਸ ਕਾਰਵਾਈ ਵਿੱਚ ਕਰੀਬ ਹਫਤੇ ਭਰ ਦਾ ਸਮਾਂ ਲੱਗ ਸਕਦਾ ਹੈ। ਜਿਸ ਉਪਰੰਤ ਕੁਲਦੀਪ ਸਿੰਘ ਦੀ ਦੇਹ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਸਮਾਲਸਰ (ਮੋਗਾ) ਵਿਖੇ ਲਿਆ ਕੇ ਕੀਤਾ ਜਾਵੇਗਾ। ਕੁਲਦੀਪ ਸਿੰਘ ਮੌਤ ‘ਤੇ ਇਲਾਕੇ ਦੀਆਂ ਸਮੂਹ ਸਮਾਜ ਸੇਵੀ, ਰਾਜਨੀਤਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬੇ ਅਤੇ ਕੇਂਦਰ ਦੀਆਂ ਸਰਕਾਰਾਂ ਆਪਣੀ ਰੋਜੀ ਰੋਟੀ ਲਈ ਵਿਦੇਸ਼ਾਂ ਵਿੱਚ ਰੁਲਦੇ ਨੌਜਵਾਨਾਂ ਦੀ ਸੁਰੱਖਿਆ ਲਈ ਜ਼ਰਾ ਵੀ ਸੰਵੇਦਨਸ਼ੀਲ ਨਹੀਂ ਹਨ। ਜੇਕਰ ਸਰਕਾਰਾਂ ਆਪਣੇ ਬੇਰੁਜਗਾਰ ਨੌਜਵਾਨਾਂ ਨੂੰ ਕੰਮ ਨਹੀਂ ਦੇ ਸਕਦੀਆਂ ਤਾਂ ਆਪਣੇ ਬਲਬੂਤੇ ਵਿਦੇਸ਼ੀ ਧਰਤੀ ‘ਤੇ ਰੁਲਦੇ ਲੋਕਾਂ ਲਈ ਠੋਸ ਕਦਮ ਜਰੂਰ ਉਠਾਉਣ।