ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ, 10 ਮਈ (ਜਸ਼ਨ)-ਅੱਜ ਕਾ. ਸਤੀਸ਼ ਲੂਬਾ ਭਵਨ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ. ਅਮਰ ਸਿੰਘ ਮਹਿਣਾ ਦੀ ਸੁਪਤਨੀ ਸ਼੍ਰੀਮਤੀ ਜਰਨੈਲ ਕੌਰ ਅਤੇ ਸਾਥੀ ਨਿਰਮਲ ਸਿੰਘ ਸੇਖਾ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਉਪਰੰਤ ਮੀਟਿੰਗ ਸ਼ੁਰੂ ਕਰਦੇ ਹੋਏ ਜ.ਸਕੱਤਰ ਭੂਪਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਤੇ ਚੱਲ ਰਹੀ ਹੈ। ਮੁਲਾਜ਼ਮਾਂ ਅਤੇ ਲੋਕਾਂ ਨੂੰ ਲਾਰਿਆਂ ਨਾਲ ਟਰਕਾਇਆ ਜਾ ਰਿਹਾ ਹੈ ਜਦਕਿ ਸਤਾ ਵਿਚ ਸ਼ਾਮਲ ਲੋਕ ਸ਼ਰੇਆਮ ਲੁੱਟ ਕਰ ਰਹੇ ਹਨ। ਸੰਵਿਧਾਨਕ ਕਾਨੂੰਨਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਬੂਟਾ ਸਿੰਘ ਭੱਟੀ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੇ ਪੱਖ ਦੇ ਕਾਨੂੰਨਾਂ ਵਿੱਚ ਤਰਮੀਮਾਂ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਦਲਣ ਦੀ ਤਿਆਰੀ ਕਰ ਰਹੀ ਹੈ। ਲੋਕਾਂ ਨੂੰ ਫਿਰਕਾਪਰਸਤੀ ਦੇ ਨਾਂ ਤੇ ਪਾੜ ਕੇ ਸੱਤਾ ਦੇ ਕਬਜ਼ਾ ਪੱਕਾ ਕੀਤਾ ਜਾ ਰਿਹਾ ਹੈ ਜਦਕਿ ਇਨ੍ਹਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ। ਆਮ ਲੋਕਾਂ ਦੇ ਬੱਚਿਆਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੀ ਮੁੱਖ ਲੋੜ ਹੈ ਜਿਸਨੂੰ ਸਰਕਾਰਾਂ ਦੇਣ ਤੋਂ ਆਨਾਕਾਨੀ ਕਰ ਰਹੀਆਂ ਹਨ। ਇਸ ਮੌਕੇ ਬੋਲਦਿਆਂ ਉਂਕਾਰ ਸਿੰਘ ਨੇ ਕਿਹਾ ਕਿ ਜਿਹੜੇ ਵਿਧਾਇਕ ਲੋਕਾਂ ਤੋਂ ਵੋਟਾਂ ਲੈਂਦੇ ਹਨ ਪਰ ਹਮੇਸ਼ਾ ਹੀ ਕਾਰਪੋਰੇਟਰਾਂ ਜਾਂ ਉਨ੍ਹਾਂ ਦੇ ਕਰਿੰਦਿਆਂ ਦੇ ਹੱਕ ਵਿੱੱਚ ਭੁਗਤ ਰਹੇ ਹਨ ਉਨ੍ਹਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਜਾਹਰ ਕੀਤੀ ਕਿ ਇਸ ਮੌਕੇ ਕਾਨੂੰਨ ਨੂੰ ਹਰ ਗਰੀਬ ਅਤੇ ਅਮੀਰ ਤੇ ਇਕਸਾਰ ਲਾਗੂ ਕਰਨਾ ਚਾਹੀਦਾ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਦੀ ਚਾਲਾਂ ਨੂੰ ਸਮਝਣ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗੱਲ ਕਰਦਿਆਂ ਕਿਹਾ ਕਿ ਵੱਡੇ ਅਫ਼ਸਰਾਂ ਨੂੰ ਤਾਂ ਡੀ.ਏ. ਅਤੇ ਹੋਰ ਸਹੂਲਤਾਂ ਨਾਲ ਦੀ ਨਾਲ ਹੀ ਦਿੱਤੀਆਂ ਜਾ ਰਹੀਆਂ ਹਨ ਪਰ ਆਮ ਮੁਲਾਜ਼ਮਾਂ ਨੂੰ ਤਾਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਸਰਕਾਰ ਦੀ ਇਸ ਆਮ ਲੋਕ ਮਾਰੂ ਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਮਹਿੰਗਾਈ ਨੂੰ ਰੋਕਿਆ ਜਾਵੇ ਜਾਂ ਫਿਰ ਡੀ.ਏ. ਨਾਲ ਦੀ ਨਾਲ ਦਿੱਤਾ ਜਾਵੇ, ਮੰਤਰੀਆਂ ਵਿਧਾਇਕਾਂ ਦੀਆਂ ਤਨਖਾਹਾਂ ਦੇ ਨਾਲ ਨਾਲ ਆਮ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਤਨਖਾਹਾਂ ਵੀ ਸੋਧੀਆਂ ਜਾਣ, ਜੇ ਮੰਤਰੀਆਂ ਵਿਧਾਇਕਾਂ ਨੂੰ ਪੈਨਸ਼ਨ ਦੀ ਗਰੰਟੀ ਹੈ ਤਾਂ ਆਮ ਲੋਕਾਂ ਨੂੰ ਕਿਉਂ ਨਹੀਂ। ਮੀਟਿੰਗ ਵਿੱਚ ਇੰਦਰਜੀਤ ਭਿੰਡਰ ਨੇ ਬੋਲਦਿਆਂ ਕਿਹਾ ਕਿ ਰੋਡਵੇਜ਼ ਦੇ ਬਚਾਅ ਲਈ ਜਥੇਬੰਦੀ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਸਰਕਾਰ ਰੋਡਵੇਜ਼ ਨੂੰ ਖਤਮ ਕਰਕੇ ਪਰਾਈਵੇਟਾਂ ਨੂੰ ਲਾਭ ਪਹੁੰਚਾ ਰਹੀ ਹੈ। ਉਨ੍ਹਾਂ ਦੱਸਿਆ ਕਿ 15 ਮਈ ਨੂੰ 12 ਵਜੇ ਗੇਟ ਰੈਲੀ ਕੀਤੀ ਜਾਵੇਗੀ ਅਤੇ ਸਰਕਾਰ ਦੇ ਪਾਜ ਉਘੇੜੇ ਜਾਣਗੇ। ਇਸੇ ਤਰ੍ਹਾਂ 23 ਮਈ ਨੂਮ ਇਕ ਰੋਜ਼ਾ ਹੜਤਾਲ ਦੀ ਤਿਆਰੀ ਵਜੋਂ 21 ਮਈ ਨੂੰ 8.30 ਵਜੇ ਗੇਟ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਗੇਟ ਰੈਲੀਆਂ ਦੀ ਭਰਪੂਰ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਗਿਆਨ ਸਿੰਘ ਮਾਛੀਕੇ, ਬਲਵਿੰਦਰ ਸਿੰਘ ਘੋਲੀਆ, ਬਲਵਿੰਦਰ ਸਿੰਘ ਧਰਮਕੋਟ, ਭੂਪਿੰਦਰ ਸਿੰਘ ਭਿੰਦਾ, ਪੋਹਲਾ ਸਿੰਘ ਬਰਾੜ, ਸਤਪਾਲ ਸ਼ਰਮਾ, ਬਲਤੇਜ ਸਿੰਘ, ਮਿਹਰ ਸਿੰਘ, ਅਜਮੇਰ ਸਿੰਘ ਦੱਦਾਹੂਰ ਆਦਿ ਵੀ ਸ਼ਾਮਲ ਸਨ।