ਰੱਖਿਆ ਪੈਨਸ਼ਨ ਭੁਗਤਾਨ ਦਫ਼ਤਰ ਦੀ ਨਵੀਂ ਬਣਾਈ ਇਮਾਰਤ ਦੇ ਰਸਮੀਂ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ

ਮੋਗਾ ,27 ਨਵੰਬਰ(ਜਸ਼ਨ)-ਰੱਖਿਆ ਪੈਨਸ਼ਨ ਭੁਗਤਾਨ ਦਫ਼ਤਰ ਮੋਗਾ ਪਿਛਲੇ 32 ਸਾਲਾਂ ਤੋਂ ਹਰ ਮਹੀਨੇ ਲਗਭੱਗ ਛੇ ਹਜ਼ਾਰ ਰੱਖਿਆ ਪੈਨਸ਼ਨਰਾਂ/ਫ਼ੈਮਲੀ ਪੈਨਸ਼ਨਰਾਂ ਨੂੰ ਉਨਾਂ ਦੀ ਪੈਨਸ਼ਨ ਦੇ ਭੁਗਤਾਨ ਦੀ ਸਫ਼ਲਤਾ-ਪੂਰਵਿਕ ਸੇਵਾ ਨਿਭਾਅ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਰੱਖਿਆ ਲੇਖਾ ਕੰਟਰੋਲਰ ਸ੍ਰੀ ਤਰੁਣ ਕੁਮਾਰ ਜਾਜੌਰੀਆ, ਆਈ.ਡੀ.ਏ.ਐਸ ਨੇ ਰੱਖਿਆ ਪੈਨਸ਼ਨ ਭੁਗਤਾਨ ਦਫ਼ਤਰ ਮੋਗਾ ਵਿਖੇ ਇਕ ਕਰੋੜ 43 ਲੱਖ 6 ਹਜ਼ਾਰ ਰੁਪਏ ਦੀ ਲਾਗਤ ਨਾਲ ਦਫ਼ਤਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਦਿਆਂ ਕੀਤਾ।

ਸ੍ਰੀ ਜਾਜੌਰੀਆ ਨੇ ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਕਰਨ ਉਪਰੰਤ ਕੀਤੀ। ਉਨਾਂ ਕਿਹਾ ਕਿ ਇਸ ਨਵੀ ਇਮਾਰਤ ਦੀ ਉਸਾਰੀ ਦੌਰਾਨ ਪੈਨਸ਼ਨਰਾਂ ਦੀਆਂ ਹਰ ਸੁਵਿਧਾਵਾਂ ਦਾ ਧਿਆਨ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਹ ਇਮਾਰਤ ਬੱਸ ਅੱਡਾ ਅਤੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਹੋਣ ਕਾਰਣ ਬਜ਼ੁਰਗ ਪੈਨਸ਼ਨ ਧਾਰਕਾਂ ਨੂੰ ਆਉਣ-ਜਾਣ ਦੀ ਆਸਾਨੀ ਰਹੇਗੀ। ਉਨਾਂ ਕਿਹਾ ਕਿ ਪੈਨਸ਼ਨ ਦਾ ਭੁਗਤਾਨ ਆਨ-ਲਾਈਨ ਹੋਣ ਕਾਰਣ ਇਸ ਇਮਾਰਤ ‘ਚ ਕੰਪਿਊਟਰ, ਇੰਟਰਨੈਟ ਆਦਿ ਸਾਰੀਆਂ ਸਹੂਲਤਾਂ ਉਪਲੱਭਦ ਕਰਵਾਈਆਂ ਗਈਆਂ ਹਨ, ਜਿਸ ਨਾਲ ਪੈਨਸ਼ਨਰਾਂ ਨੂੰ ਉਚਿਤ ਅਤੇ ਸਮੇਂ ਸਿਰ ਸੇਵਾਵਾਂ ਮਿਲਣਗੀਆਂ। ਉਨਾਂ ਦੱਸਿਆ ਕਿ ਪੈਨਸ਼ਨਰਾਂ ਦੀ ਸਹੂਲਤ ਲਈ  ਵੈਬਸਾਈਟ dpdopensioners.org  ਵਿਕਸਤ ਕੀਤੀ ਗਈ ਹੈ, ਜਿਸ ‘ਤੇ ਉਹ ਪੈਨਸ਼ਨ ਦੇ ਭੁਗਤਾਨ ਸਬੰਧੀ ਸਮੁੱਚੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸ੍ਰੀ ਤਰੁਣ ਕੁਮਾਰ ਜਾਜੌਰੀਆ ਨੇ ਰੱਖਿਆ ਪੈਨਸ਼ਨ ਭੁਗਤਾਨ ਦਫ਼ਤਰ ਮੋਗਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਪੈਨਸ਼ਨਰਾਂ ਵੱਲੋਂ ਇਸ ਦਫ਼ਤਰ ਦੀਆਂ ਬਹੁਤ ਘੱਟ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਪ੍ਰੰਤੂ ਫ਼ਿਰ ਵੀ ਦਫ਼ਤਰ ਦੇ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਪੈਨਸ਼ਨਰਾਂ ਦੀ ਸਮੱਸਿਆ ਨੂੰ ਖੁਦ ਦੀ ਸਮੱਸਿਆ ਸਮਝਦੇ ਹੋਏ ਉਸਦਾ ਜਲਦੀ ਹੱਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਪੈਨਸ਼ਨਰ ਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਉਨਾਂ ਦਫ਼ਤਰ ਦੀ ਹਦੂਦ ਅੰਦਰ ਪੌਦਾ ਵੀ ਲਗਾਇਆ। ਇਸ ਮੌਕੇ ਰੱਖਿਆ ਪੈਨਸ਼ਨ ਭੁਗਤਾਨ ਦਫ਼ਤਰ ਮੋਗਾ ਦੇ ਲੇਖਾ ਅਧਿਕਾਰੀ ਸੁਸ਼ੀਲ ਕੁਮਾਰ ਨੇ ਕਿਹਾ ਕਿ 1985 ‘ਚ ਸਥਾਪਿਤ ਹੋਏ ਇਸ ਦਫ਼ਤਰ ਤੋਂ ਕੇਵਲ ਮੋਗਾ ਜ਼ਿਲੇ ਦੇ 150 ਪਿੰਡਾਂ ਦੇ ਪੈਨਸ਼ਨਰ ਹੀ ਨਹੀਂ, ਬਲਕਿ ਫ਼ਰੀਦਕੋਟ ਜ਼ਿਲੇ ਦੇ 40 ਪਿੰਡਾਂ ਦੇ ਪੈਨਸ਼ਨਰ, ਫ਼ਿਰੋਜ਼ਪੁਰ ਤੋਂ 30 ਪਿੰਡਾਂ ਅਤੇ ਬਠਿੰਡਾ ਜ਼ਿਲੇ ਨਾਲ ਸਬੰਧਤ 20 ਪਿੰਡਾਂ ਦੇ ਪੈਨਸ਼ਨਰ ਆਪਣੀ ਮਾਸਿਕ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਉਨਾਂ ਦੱਸਿਆ ਕਿ ਕਿਸੇ ਵੀ ਪੈਨਸ਼ਨਰ ਦਾ ਕੋਈ ਵੀ ਕੋਰਟ ਕੇਸ ਪੈਡਿੰਗ ਨਹੀਂ ਹੈ ਅਤੇ ਪੈਨਸ਼ਨਰਾਂ ਵੱਲੋਂ ਦਫ਼ਤਰ ਨੂੰ ਪੂਰਣ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਜੁਰਗ ਸਾਬਕਾ ਸੈਨਿਕ ਨਾਇਕ ਬਚਨ ਸਿੰਘ ਅਤੇ ਹੌਲਦਾਰ ਜਮੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਹੌਲਦਾਰ ਜਮੀਤ ਸਿੰਘ ਨੇ ਵਿਸ਼ਵ ਦੇ ਸੈਨਿਕਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਾਂ ਦੇਸ਼-ਭਗਤਾਂ ਦੀ ਬਦੌਲਤ ਹੀ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ। ਇਸ ਮੌਕੇ ਲੈਫ਼ਟੀਨੈਟ ਕਰਨਲ ਸੰਜੇ ਸੌਲੰਖੇ ਜੀ.ਐਮ ਏ.ਡੀ ਰੈਜੀਮੈਂਟ, ਮੈਡਮ ਲੀਨਾ ਜਾਜੌਰੀਆ, ਮੁੱਖ ਪ੍ਰਬੰਧਕ ਪੰਜਾਬ ਨੈਸ਼ਨਲ ਬੈਂਕ ਮੋਗਾ ਰਮੇਸ਼ ਕੁਮਾਰ, ਮੁੱਖ ਪ੍ਰਬੰਧਕ ਸਟੇਟ ਬੈਂਕ ਆਫ਼ ਇੰਡੀਆ ਮੋਗਾ ਅਮਿਤ ਕੁਮਾਰ ਯਾਦਵ, ਜੀ.ਈ ਲੁਧਿਆਣਾ ਬੀ.ਐਮ ਪਟੇਲ, ਸੀਨੀਅਰ ਏ.ਓ ਜਲੰਧਰ ਯਾਦਵਿੰਦਰ ਸਿੰਘ, ਸੀਨੀਅਰ ਏ.ਓ ਨਰਿੰਦਰ ਕੁਮਾਰ, ਜ਼ਿਲਾ ਰੱਖਿਆ ਸੈਨਿਕ ਭਲਾਈ ਅਫ਼ਸਰ ਮੋਗਾ ਲੈਫ਼ਟੀਨੈਟ ਕਰਨਲ (ਰਿਟਾ) ਐਚ.ਐਸ.ਗਿੱਲ, ਏ.ਏ.ਓ ਅਦਿੱਤਿਆ ਕੁਮਾਰ, ਏ.ਏ.ਓ ਗੌਰਵ ਕੁਮਾਰ ਅਤੇ ਸਾਬਕਾ ਸੈਨਿਕ/ਪੈਨਸ਼ਨਰ ਹਾਜ਼ਰ ਸਨ।