ਨਹਿਰੂ ਯੁਵਾ ਕੇਂਦਰ ਵੱਲੋਂ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਦਾ ਆਯੋਜਨ

ਫ਼ਿਰੋਜ਼ਪੁਰ 25 ਫਰਵਰੀ (ਪੰਕਜ ਕੁਮਾਰ)- ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ਯੰਗ ਲੀਡਰਜ਼ ਤਹਿਤ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਪਿੰਡ ਪੀਰ ਇਸਮਾਇਲ ਖ਼ਾਨ ਵਿਖੇ ਖਾਲਸਾ ਯੂਥ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਬਲਾਕ ਪੱਧਰੀ ਨੇਬਰਹੁੱਡ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸ: ਬਲਦੇਵ ਕਿਸ਼ਨ ਏ.ਐੱਸ.ਆਈ ਅਤੇ ਸ: ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ।  ਪ੍ਰੋਗਰਾਮ ਵਿਚ ਸ੍ਰੀ ਵਿਨੋਦ ਗੁਪਤਾ, ਪਿ੍ਰੰਸੀਪਲ ਸ੍ਰੀ. ਲਖਵੀਰ ਸਿੰਘ ਵਿਸ਼ੇਸ਼ ਬੁਲਾਰੇ ਦੇ ਰੂਪ ਵਿਚ ਅਤੇ ਸ੍ਰ. ਬੂਟਾ ਸਿੰਘ ਸਰਪੰਚ ਅਤੇ ਸ੍ਰ. ਗੁਰਮੇਜ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਪਿੰਡਾਂ ਦੇ 90 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸ: ਬਸੰਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਉਪਰੰਤ ਸ੍ਰੀ. ਵਿਨੋਦ ਗੁਪਤਾ ਵੱਲੋਂ ਸਵੱਛ ਭਾਰਤ ਅਭਿਆਨ ਅਤੇ ਵਿੱਦਿਆ ਦੀ ਮਹੱਤਤਾ ਵਿਸ਼ੇ ਤੇ ਵਿਚਾਰ ਪੇਸ਼ ਕੀਤੇ।  ਉਨਾਂ ਕਿਹਾ ਕਿ ਸਵੱਛਤਾ ਸਾਡੇ ਅੰਦਰ ਵੀ ਹੋਣੀ ਚਾਹੀਦੀ ਹੈ ਸਾਡੇ ਵਿਚਾਰ ਸ਼ੁੱਧ ਹੋ ਸਕਣ ਅਤੇ ਅਸੀਂ ਦੇਸ਼ ਦੇ ਵਿਕਾਸ ਲਈ ਆਪਣਾ ਵਡਮੁੱਲਾ ਯੋਗਦਾਨ ਦੇ ਸਕੀਏ। ਉਨਾਂ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਵੱਛ ਰੱਖਣ ਨਾਲ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਉਨਾਂ ਕਿਹਾ ਕਿ ਵਿੱਦਿਆ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹੈ ਜਿਸ ਨਾਲ ਅਸੀਂ ਦੇਸ਼ ਵਿਚੋਂ ਗ਼ਰੀਬੀ, ਭਿ੍ਰਸ਼ਟਾਚਾਰ ਅਤੇ ਜਾਤੀਵਾਦ ਨੂੰ ਖ਼ਤਮ ਕਰਨ ਕਰ ਸਕਦੇ ਹਾਂ। ਸ੍ਰ. ਲਖਬੀਰ ਸਿੰਘ ਨੇ ਨਸ਼ੇ ਅਤੇ ਟ੍ਰੈਫਿਕ ਨਿਯਮਾਂ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਹਰ ਸਾਲ ਸੜਕਾਂ ਤੇ ਵੱਡੇ-ਵੱਡੇ ਹਾਦਸੇ ਵਾਪਰਦੇ ਹਨ। ਜੇਕਰ ਅਸੀਂ ਇਨਾਂ ਛੋਟੀਆਂ- ਛੋਟੀਆਂ ਗ਼ਲਤੀਆਂ ਨੂੰ ਸੁਧਾਰਾਂਗੇ ਤਾਂ ਬਹੁਤ ਸਾਰੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾਂ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਹੋਣ ਵਾਲੀ ਸਜ਼ਾ ਅਤੇ ਜੁਰਮਾਨੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰ. ਰੂਪ ਸਿੰਘ ਨੇ ਵਾਤਾਵਰਨ ਦੀ ਸੰਭਾਲ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਪਿੰਡ ਦੀ ਕਲੱਬ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਅਤੇ ਸਾਰੇ ਪਿੰਡ ਨੂੰ ਸਵੱਛ ਬਣਾਇਆ ਜਾਵੇਗਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰ. ਸਰਬਜੀਤ ਸਿੰਘ ਬੇਦੀ ਜ਼ਿਲਾ ਯੂਥ ਕੁਆਰਡੀਨੇਟਰ ਨੇ ਨੌਜਵਾਨ ਨੂੰ ਭਰੂਣ ਹੱਤਿਆ ਅਤੇ ਨਸ਼ਿਆਂ ਦੀ ਰੋਕਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ। ਉਨਾਂ ਕਿਹਾ ਕਿ ਸਾਨੂੰ ਆਪਣਾ  ਵੱਧ ਤੋਂ ਵੱਧ ਸਹਿਯੋਗ ਦੂਸਰਿਆਂ ਦੇ ਭਲੇ ਲਈ ਦੇਣਾ ਚਾਹੀਦਾ ਹੈ  ਜਾਤਪਾਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਾ ਨੂੰ ਬਣਾਈ ਰਹਿਣਾ ਚਾਹੀਦਾ ਹੈ। ਉਨਾਂ ਨੇ 2022 ਤੱਕ ਭਾਰਤ ਨੂੰ ਸਵੱਛ ਬਣਾਉਣ, ਗ਼ਰੀਬੀ ਅਤੇ ਭਿ੍ਰਸ਼ਟਾਚਾਰ ਮੁਕਤ ਕਰਨ ਲਈ ਨੌਜਵਾਨਾਂ ਨੂੰ ਸੰਕਲਪ ਵੀ ਦਵਾਇਆ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਆਪਣੇ ਅਧਿਆਪਕ ਅਤੇ ਮਾਤਾ-ਪਿਤਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਚੰਗੇਰੇ ਨਾਗਰਿਕ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਬਣ ਸਕਣ ਅਤੇ ਆਪਣੇ ਸਮਾਜ ਦੀ ਸੇਵਾ ਕਰ ਸਕਣ। ਪ੍ਰੋਗਰਾਮ ਦੇ ਅੰਤ ਵਿਚ ਸ੍ਰੀਮਤੀ ਗਗਨਦੀਪ ਰਾਸ਼ਟਰੀ ਸੇਵਾ ਵਲੰਟੀਅਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਲੱਬ ਵੱਲੋਂ ਪੇਸ਼ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ।ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰ. ਪਿੱਪਲ ਸਿੰਘ, ਮੰਗਾ ਸਿੰਘ, ਬੂਟਾ ਸਿੰਘ ਕਲੱਬ ਦੇ ਸਮੂਹ ਮੈਂਬਰਾਂ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।